ਰਾਜਿਮ, 28 ਸਤੰਬਰ
ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਆਗੂ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਦੇਸ਼ ਦੀ ਪੂਰੀ ਸੰਪਤੀ ਨੂੰ ਵੇਚਣ ਲਈ ਲਾ ਦਿੱਤਾ ਗਿਆ ਹੈ ਤੇ ਆਉਣ ਵਾਲੇ ਦਿਨਾਂ ਵਿਚ ਦੇਸ਼ ਵਿਚ ‘ਕੰਪਨੀ ਰਾਜ’ ਦੇਖਣ ਨੂੰ ਮਿਲੇਗਾ। ਛੱਤੀਸਗੜ੍ਹ ਦੇ ਰਾਜਿਮ ਕਸਬੇ ਵਿਚ ਅੱਜ ਟਿਕੈਤ ਨੇ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕੀਤਾ ਤੇ ਨੌਜਵਾਨਾਂ ਨੂੰ ਜ਼ਮੀਨ, ਫ਼ਸਲ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ। ਛੱਤੀਸਗੜ੍ਹ ਕਿਸਾਨ ਮਜ਼ਦੂਰ ਮਹਾਸੰਘ ਦੀ ਅਗਵਾਈ ਵਿਚ ਹੋਈ ਮਹਾਪੰਚਾਇਤ ’ਚ ਪੰਜਾਬ ਤੇ ਹਰਿਆਣਾ ਦੇ ਵੱਡੀ ਗਿਣਤੀ ਕਿਸਾਨਾਂ ਨੇ ਹਿੱਸਾ ਲਿਆ। ਟਿਕੈਤ ਨੇ ਕਿਹਾ ਕਿ ਉਹ ਦਿੱਲੀ ਦੀਆਂ ਹੱਦਾਂ ਉਤੇ ਪਿਛਲੇ 10 ਮਹੀਨਿਆਂ ਤੋਂ ਵਿਰੋਧ ਕਰ ਰਹੇ ਹਨ ਤੇ ਜੇ ਕਿਸਾਨਾਂ ਦੀ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਸਾਰੇ ਰਾਜਾਂ ਦੀਆਂ ਰਾਜਧਾਨੀਆਂ ਵਿਚ ਇਹ ਅੰਦੋਲਨ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਬਜ਼ੀਆਂ ਤੇ ਦੁੱਧ ਸਣੇ ਉਨ੍ਹਾਂ ਦੀ ਹਰ ਉਪਜ ਦਾ ਘੱਟੋ-ਘੱਟ ਸਮਰਥਨ ਮੁੱਲ (ਐਮਐੱਸਪੀ) ਮਿਲਣਾ ਚਾਹੀਦਾ ਹੈ। ਬੀਕੇਯੂ ਆਗੂ ਨੇ ਕਿਹਾ ਕਿ ਜਦ ਤੱਕ ਕੇਂਦਰ ਕਾਨੂੰਨ ਵਾਪਸ ਨਹੀਂ ਲੈਂਦਾ, ਉਦੋਂ ਤੱਕ ਕਿਸਾਨ ਪਿੱਛੇ ਨਹੀਂ ਹਟਣਗੇ। ਉਨ੍ਹਾਂ ਲੋਕਾਂ ਤੋਂ ਅੰਦੋਲਨ ਲਈ ਸਮਰਥਨ ਮੰਗਿਆ। ਰਾਕੇਸ਼ ਟਿਕੈਤ ਨੇ ਕਿਹਾ ਕਿ ਜੇ ਦਿੱਲੀ ਵਿਚ ਚੱਲ ਰਿਹਾ ਸੰਘਰਸ਼ ਅਸਫ਼ਲ ਰਿਹਾ ਤਾਂ ਭਵਿੱਖ ਵਿਚ ਅਜਿਹਾ ਕੋਈ ਵੀ ਅੰਦੋਲਨ ਨਹੀਂ ਹੋ ਸਕੇਗਾ। ਉਨ੍ਹਾਂ ਨੌਜਵਾਨਾਂ ਨੂੰ ਵਿਰੋਧ ਵਿਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਦੇ ਮਾਧਿਅਮ ਦੇ ਨਾਲ ਅੰਦੋਲਨ ਨੂੰ ਹਰੇਕ ਤੱਕ ਪਹੁੰਚਾਉਣਾ ਪਏਗਾ। ਦੇਸ਼ ਨੂੰ ਨੌਜਵਾਨਾਂ ਦੁਆਰਾ ਕ੍ਰਾਂਤੀ ਦੀ ਲੋੜ ਹੈ। ਮਹਾਪੰਚਾਇਤ ਨੂੰ ਯੋਗੇਂਦਰ ਯਾਦਵ, ਮੇਧਾ ਪਾਟਕਰ ਤੇ ਸੰਯੁਕਤ ਕਿਸਾਨ ਮੋਰਚਾ ਦੇ ਕਈ ਆਗੂਆਂ ਨੇ ਸੰਬੋਧਨ ਕੀਤਾ। -ਪੀਟੀਆਈ
‘ਕਿਸਾਨਾਂ ਤੋਂ ਬਾਅਦ ਅਗਲਾ ਨਿਸ਼ਾਨਾ ਮੀਡੀਆ ਹੋਵੇਗਾ’
ਕੇਂਦਰ ਦੀਆਂ ਨੀਤੀਆਂ ਉਤੇ ਨਿਸ਼ਾਨਾ ਸੇਧਦਿਆਂ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਰੇਲਵੇ, ਹਵਾਈ ਅੱਡੇ, ਬੰਦਰਗਾਹ ਤੇ ਐਲਆਈਸੀ (ਪ੍ਰਾਈਵੇਟ ਕੰਪਨੀਆਂ ਨੂੰ) ਵੇਚੇ ਜਾ ਰਹੇ ਹਨ। ਟਿਕੈਤ ਨੇ ਦੋਸ਼ ਲਾਇਆ ਕਿ ਇਹ ਸਰਕਾਰ ਦੇਸ਼ ਨੂੰ ਲੁੱਟਣ ਆਈ ਹੈ ਤੇ ਉਹ ਚਾਹੁੰਦੇ ਹਨ ਕਿ ਸਭ ਕੁਝ ਨਿੱਜੀ ਹੱਥਾਂ ਵਿਚ ਚਲਾ ਜਾਵੇ। ਉਨ੍ਹਾਂ ਕਿਹਾ ਕਿ ਵਰਤਮਾਨ ਵਿਚ ਕਿਸਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਅਗਲਾ ਨਿਸ਼ਾਨਾ ਮੀਡੀਆ ਹੋਵੇਗਾ। ਟਿਕੈਤ ਨੇ ਕਿਸੇ ਦਾ ਨਾਂ ਲਏ ਬਗੈਰ ਕਿਹਾ ਕਿ ਉਹ ਦੇਸ਼ ਨੂੰ ਜਾਤੀ-ਧਰਮ ਦੇ ਅਧਾਰ ਉਤੇ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਸਾਨੂੰ ਉਨ੍ਹਾਂ ਦੀਆਂ ਗੱਲਾਂ ਉਤੇ ਧਿਆਨ ਨਹੀਂ ਦੇਣਾ ਚਾਹੀਦਾ। ਕੇਵਲ ਇਕ ਹੀ ਗੱਲ ਜਾਣਨੀ ਚਾਹੀਦੀ ਹੈ ਕਿ ਅਸੀਂ ਸਾਰੇ ਇਕੋ ਹੀ ਭਾਈਚਾਰੇ ਤੋਂ ਹਾਂ ਤੇ ਉਹ ਭਾਈਚਾਰਾ ਕਿਸਾਨ ਹਨ।
‘ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਕਿਸਾਨਾਂ ਨੂੰ ਬੇਇਨਸਾਫ਼ੀ ਖ਼ਿਲਾਫ਼ ਲੜਾਈ ਲਈ ਪ੍ਰੇਰਿਤ ਕਰਦੀ ਹੈ’
ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਇੱਥੇ ਕਿਸਾਨ ਮੋਰਚਿਆਂ ’ਤੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਕੀਤੇ ਗਏ। ਮੋਰਚੇ ਵੱਲੋਂ ਕਿਹਾ ਗਿਆ ਕਿ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਕਿਸਾਨਾਂ ਨੂੰ ਬੇਇਨਸਾਫ਼ੀ ਵਿਰੁੱਧ ਲੜਾਈ ਲਈ ਪ੍ਰੇਰਿਤ ਕਰਦੀ ਰਹਿੰਦੀ ਹੈ। ਇਸ ਦੌਰਾਨ ਕਿਸਾਨ ਆਗੂਆਂ ਡਾ. ਦਰਸ਼ਨ ਪਾਲ ,ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਫਿਰ ਇੱਕ ਖੋਖਲਾ ਬਿਆਨ ਦਿੱਤਾ ਹੈ, ਜਿਸ ਵਿੱਚ ਕਿਸਾਨਾਂ ਨੂੰ ਅੰਦੋਲਨ ਛੱਡਣ ਅਤੇ ਗੱਲਬਾਤ ਸ਼ੁਰੂ ਕਰਨ ਲਈ ਕਿਹਾ ਗਿਆ ਹੈ। ਗੁਰਨਾਮ ਸਿੰਘ ਚੜੂਨੀ ਤੇ ਹਨਨ ਮੌਲਾ ਨੇ ਕਿਹਾ ਕਿ ਇਹ ਹੈਰਾਨੀਜਨਕ ਹੈ ਕਿਉਂਕਿ ਇਹ ਖ਼ੁਦ ਕੇਂਦਰ-ਸਰਕਾਰ ਹੈ ਜੋ ਗੱਲਬਾਤ ਨੂੰ ਰੋਕ ਰਹੀ ਹੈ।