ਨਵੀਂ ਦਿੱਲੀ, 29 ਮਈ
ਮੌਨਸੂਨ ਤੋਂ ਪਹਿਲਾਂ ਥਰਮਲ ਪਲਾਂਟਾਂ ’ਚ ਕੋਲੇ ਦੀ ਕਮੀ ਕਾਰਨ ਦੇਸ਼ ’ਚ ਜੁਲਾਈ-ਅਗਸਤ ’ਚ ਬਿਜਲੀ ਦਾ ਸੰਕਟ ਮੁੜ ਪੈਦਾ ਹੋ ਸਕਦਾ ਹੈ। ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ (ਸੀਆਰਈਏ) ਦੀ ਰਿਪੋਰਟ ’ਚ ਇਹ ਦਾਅਵਾ ਕੀਤਾ ਗਿਆ ਹੈ। ਖਾਣਾਂ ’ਤੇ ਲੱਗੇ ਪਾਵਰ ਸਟੇਸ਼ਨਾਂ ਕੋਲ ਅਜੇ 1.36 ਕਰੋੜ ਟਨ ਅਤੇ ਦੇਸ਼ ਭਰ ਦੇ ਪਾਵਰ ਪਲਾਂਟਾਂ ਕੋਲ 2.07 ਕਰੋੜ ਟਨ ਕੋਲਾ ਭੰਡਾਰ ਹਨ। ਸੀਆਰਈਏ ਨੇ ਕੋਲਾ ਪ੍ਰਬੰਧਨ ਦੇ ਸੰਕਟ ਬਾਰੇ ਰਿਪੋਰਟ ’ਚ ਕਿਹਾ ਹੈ,‘‘ਸਰਕਾਰੀ ਸਰੋਤਾਂ ਤੋਂ ਇਕੱਤਰ ਅੰਕੜਿਆਂ ਮੁਤਾਬਕ ਕੋਲਾ ਆਧਾਰਿਤ ਪਾਵਰ ਪਲਾਂਟ ਮੰਗ ’ਚ ਮਾਮੂਲੀ ਵਾਧੇ ਨੂੰ ਵੀ ਝੱਲਣ ਦੀ ਹਾਲਤ ’ਚ ਨਹੀਂ ਹਨ ਅਤੇ ਕੋਲੇ ਦੀ ਢੋਆ-ਢੁਆਈ ਦੀ ਯੋਜਨਾ ਪਹਿਲਾਂ ਤੋਂ ਬਣਾਉਣ ਦੀ ਲੋੜ ਹੈ।’’ ਕੇਂਦਰੀ ਬਿਜਲੀ ਅਥਾਰਟੀ ਦਾ ਅੰਦਾਜ਼ਾ ਹੈ ਕਿ ਅਗਸਤ ’ਚ ਬਿਜਲੀ ਦੀ ਮੰਗ 214 ਗੀਗਾਵਾਟ ਤੱਕ ਪਹੁੰਚ ਜਾਵੇਗੀ। ਇਸ ਤੋਂ ਇਲਾਵਾ ਔਸਤਨ ਬਿਜਲੀ ਦੀ ਮੰਗ ਵੀ ਮਈ ਦੌਰਾਨ 13342.6 ਕਰੋੜ ਯੂਨਿਟ ਤੋਂ ਵਧ ਹੋ ਸਕਦੀ ਹੈ। ਸੀਆਰਈਏ ਨੇ ਕਿਹਾ ਕਿ ਦੱਖਣੀ-ਪੱਛਮੀ ਮੌਨਸੂਨ ਦੀ ਆਮਦ ਨਾਲ ਮਾਈਨਿੰਗ ਅਤੇ ਖਾਣਾਂ ਤੋਂ ਪਾਵਰ ਸਟੇਸ਼ਨਾਂ ਤੱਕ ਕੋਲੇ ਦੀ ਢੋਆ-ਢੁਆਈ ’ਚ ਵੀ ਮੁਸ਼ਕਲਾਂ ਆਉਣਗੀਆਂ। ‘ਮੌਨਸੂਨ ਤੋਂ ਪਹਿਲਾਂ ਜੇਕਰ ਕੋਲਾ ਭੰਡਾਰ ਨੂੰ ਢੁੱਕਵੇਂ ਪੱਧਰ ਤੱਕ ਨਹੀਂ ਰੱਖਿਆ ਗਿਆ ਤਾਂ ਜੁਲਾਈ-ਅਗਸਤ ’ਚ ਦੇਸ਼ ਨੂੰ ਇਕ ਹੋਰ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।’ ਰਿਪੋਰਟ ’ਚ ਕਿਹਾ ਗਿਆ ਹੈ ਕਿ ਹੁਣੇ ਜਿਹੇ ਜਿਹੜਾ ਬਿਜਲੀ ਸੰਕਟ ਆਇਆ ਸੀ, ਉਸ ਦਾ ਕਾਰਨ ਕੋਲਾ ਉਤਪਾਦਨ ਨਹੀਂ ਸਗੋਂ ਇਸ ਦੀ ਗਲਤ ਵੰਡ ਅਤੇ ਅਧਿਕਾਰੀਆਂ ਦੀ ਬੇਰੁਖ਼ੀ ਸੀ। ਇਸ ’ਚ ਕਿਹਾ ਗਿਆ ਹੈ ਕਿ ਅੰਕੜਿਆਂ ਤੋਂ ਇਹ ਸਪੱਸ਼ਟ ਹੈ ਕਿ ਕੋਲੇ ਦੀ ਢੁੱਕਵੀਂ ਮਾਈਨਿੰਗ ਦੇ ਬਾਵਜੂਦ ਥਰਮਲ ਪਾਵਰ ਸਟੇਸ਼ਨਾਂ ’ਚ ਕੋਲੇ ਦਾ ਢੁੱਕਵਾਂ ਭੰਡਾਰ ਨਹੀਂ ਰੱਖਿਆ ਗਿਆ। ਦੇਸ਼ ’ਚ 2021-22 ’ਚ ਕੋਲੇ ਦਾ 77.2 ਕਰੋੜ ਟਨ ਰਿਕਾਰਡ ਉਤਪਾਦਨ ਹੋਇਆ ਜੋ ਇਸ ਤੋਂ ਇਕ ਸਾਲ ਪਹਿਲਾਂ ਦੇ 71.60 ਕਰੋੜ ਟਨ ਉਤਪਾਦਨ ਦੇ ਮੁਕਾਬਲੇ ’ਚ 8.54 ਫ਼ੀਸਦ ਵਧ ਹੈ। ਸੀਆਰਈਏ ’ਚ ਅਧਿਐਨਕਾਰ ਸੁਨੀਲ ਦਹੀਆ ਨੇ ਕਿਹਾ ਕਿ 2021-22 ’ਚ ਦੇਸ਼ ਦੀ ਕੁੱਲ ਖਣਨ ਸਮਰੱਥਾ 150 ਕਰੋੜ ਟਨ ਰਹੀ ਜਦਕਿ ਕੁੱਲ ਉਤਪਾਦਨ 77.72 ਕਰੋੜ ਟਨ ਰਿਹਾ ਜੋ ਉਤਪਾਦਨ ਸਮਰੱਥਾ ਤੋਂ ਕਰੀਬ ਅੱਧਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਲੇ ਦੀ ਅਸਲ ’ਚ ਕਮੀ ਹੁੰਦੀ ਤਾਂ ਕੋਲਾ ਕੰਪਨੀਆਂ ਕੋਲ ਉਤਪਾਦਨ ਵਧਾਉਣ ਦਾ ਬਦਲ ਸੀ। ਉਨ੍ਹਾਂ ਕਿਹਾ ਕਿ ਇਹ ਹਾਲਾਤ ਹੁਣੇ ਨਹੀਂ ਬਣੇ ਸਗੋਂ ਬਿਜਲੀ ਪਲਾਂਟਾਂ ਕੋਲ ਤਾਂ ਮਈ, 2020 ਤੋਂ ਹੀ ਕੋਲੇ ਦਾ ਭੰਡਾਰ ਲਗਾਤਾਰ ਘਟ ਰਿਹਾ ਹੈ। -ਪੀਟੀਆਈ