ਨਵੀਂ ਦਿੱਲੀ, 12 ਜੂਨ
ਮੁੱਖ ਅੰਸ਼
- ਪਾਣੀ ਦੀ ਸੰਭਾਲ ਤੇ ਯੋਗ ਦਿਵਸ ਨੂੰ ਵਿਸ਼ੇਸ਼ ਬਣਾਉਣ ਦਾ ਵੀ ਦਿੱਤਾ ਸੱਦਾ
- ‘ਸਵੱਛ ਭਾਰਤ’ ਮੁਹਿੰਮ ਜਾਰੀ ਰੱਖਣ ਲਈ ਕਿਹਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪਿਛਲੇ ਅੱਠ ਸਾਲਾਂ ’ਚ ਮੁਲਕ ਨੇ ਗ੍ਰਾਮ ਸਵਰਾਜ ਅਤੇ ਪੰਚਾਇਤਾਂ ਦੇ ਸ਼ਕਤੀਕਰਨ ’ਚ ਨਵੇਂ ਮੁਕਾਮ ਹਾਸਲ ਕੀਤੇ ਹਨ। ਉਨ੍ਹਾਂ ਸਰਪੰਚਾਂ ਨੂੰ ਸਰਕਾਰ ਦੀਆਂ ਭਲਾਈ ਯੋਜਨਾਵਾਂ ਦੇ ਪੂਰੇ ਟੀਚੇ ਹਾਸਲ ਕਰਨ, ਪਾਣੀ ਦੀ ਸੰਭਾਲ ਅਤੇ ਆਉਂਦੇ ਯੋਗ ਦਿਵਸ ਨੂੰ ਵਿਸ਼ੇਸ਼ ਬਣਾਉਣ ਦਾ ਸੱਦਾ ਦਿੱਤਾ ਹੈ। ਸਰਕਾਰ ਦੇ ਅੱਠ ਸਾਲਾਂ ਦਾ ਕਾਰਜਕਾਲ ਮੁਕੰਮਲ ਹੋਣ ਦੇ ਕੁਝ ਦਿਨਾਂ ਬਾਅਦ ਦੇਸ਼ ਭਰ ਦੇ ਸਰਪੰਚਾਂ ਨੂੰ ਲਿਖੀ ਚਿੱਠੀ ’ਚ ਪ੍ਰਧਾਨ ਮੰਤਰੀ ਨੇ ਕਈ ਮੁੱਦਿਆਂ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਤੋਂ ਸਹਿਯੋਗ ਮੰਗਿਆ ਹੈ। ਉਨ੍ਹਾਂ ਪਿਛਲੇ ਅੱਠ ਸਾਲਾਂ ’ਚ ਸਰਪੰਚਾਂ ਵੱਲੋਂ ਦਿੱਤੇ ਗਏ ਯੋਗਦਾਨ ਦੀ ਸ਼ਲਾਘਾ ਵੀ ਕੀਤੀ ਹੈ। ਉਨ੍ਹਾਂ ਸਰਪੰਚਾਂ ਨੂੰ ਕਿਹਾ ਕਿ ਉਹ 21 ਜੂਨ ਨੂੰ ਮਨਾਏ ਜਾਣ ਵਾਲੇ ਅੱਠਵੇਂ ਕੌਮਾਂਤਰੀ ਯੋਗ ਦਿਵਸ ਨੂੰ ਖਾਸ ਬਣਾਉਣ ਅਤੇ ਆਪਣੇ ਆਪਣੇ ਪਿੰਡਾਂ ਦੇ ਸਾਰੇ ਲੋਕਾਂ ਨੂੰ ਇਸ ਨਾਲ ਜੋੜਨ। ‘ਤੁਸੀਂ ਯੋਗ ਲਈ ਆਪਣੇ ਪਿੰਡ ਦੇ ਕਿਸੇ ਪ੍ਰਾਚੀਨ ਜਾਂ ਸੈਰ-ਸਪਾਟੇ ਵਾਲੀ ਥਾਂ ’ਤੇ ਕਿਸੇ ਤਲਾਬ ਜਾਂ ਪਾਣੀ ਵਾਲੀ ਥਾਂ ਦੀ ਚੋਣ ਕਰ ਸਕਦੇ ਹੋ ਅਤੇ ਆਪਣੀਆਂ ਤਸਵੀਰਾਂ ਸਾਂਝੀਆਂ ਕਰੋ ਤਾਂ ਜੋ ਹੋਰ ਲੋਕਾਂ ਨੂੰ ਇਸ ਤੋਂ ਸੇਧ ਮਿਲ ਸਕੇ।’ ਪ੍ਰਧਾਨ ਮੰਤਰੀ ਨੇ ਚਿੱਠੀ ’ਚ ਲਿਖਿਆ ਹੈ ਕਿ ਇਸ ਵਾਰ ਯੋਗ ਦਿਵਸ ਦਾ ਮੁੱਖ ਵਿਸ਼ਾ ‘ਮਨੁੱਖਤਾ ਲਈ ਯੋਗ’ ਹੈ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਲੋਕਾਂ ਨੂੰ ਸਿਹਤ ਦੀ ਮਹੱਤਤਾ ਦਾ ਅਹਿਸਾਸ ਹੋਇਆ ਅਤੇ ਪਤਾ ਲੱਗਾ ਕਿ ਇਸ ’ਚ ਯੋਗ ਕਿੰਨੀ ਵੱਡੀ ਭੂਮਿਕਾ ਨਿਭਾ ਸਕਦਾ ਹੈ। ਪਾਣੀ ਦੀ ਹਰੇਕ ਬੂੰਦ ਬਚਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਪਿੰਡਾਂ ਦੇ ਮੁਖੀਆਂ ਨੂੰ ਕਿਹਾ ਕਿ ਉਹ ਮੀਂਹ ਦੇ ਪਾਣੀ ਨੂੰ ਸੰਭਾਲਣ ਲਈ ਹਰ ਸੰਭਵ ਕਦਮ ਉਠਾਉਣ।
ਉਨ੍ਹਾਂ ਕਿਹਾ ਕਿ ਇਸ ਉਦੇਸ਼ ਦੀ ਪ੍ਰਾਪਤੀ ਲਈ ਸਰਕਾਰ ਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਹਰ ਜ਼ਿਲ੍ਹੇ ’ਚ 75 ਅੰਮ੍ਰਿਤ ਸਰੋਵਰ ਬਣਾਉਣ ਦਾ ਅਹਿਦ ਲਿਆ ਹੈ। ਉਨ੍ਹਾਂ ਸਵੱਛ ਭਾਰਤ ਮੁਹਿੰਮ ਤਹਿਤ ਆਪਣੀਆਂ ਕੋਸ਼ਿਸ਼ਾਂ ਵੀ ਜਾਰੀ ਰੱਖਣ ਨੂੰ ਕਿਹਾ ਹੈ। ਚਿੱਠੀ ’ਚ ਸ੍ਰੀ ਮੋਦੀ ਨੇ ਵਿਸ਼ਵ ਸਿਹਤ ਸੰਸਥਾ ਵੱਲੋਂ ਹੁਣੇ ਜਿਹੇ ਆਸ਼ਾ ਵਰਕਰਾਂ ਨੂੰ ਸਨਮਾਨਿਤ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਦੇਸ਼ ’ਚ ਵਧੀਆ ਮੌਨਸੂਨ ਦੀ ਕਾਮਨਾ ਕੀਤੀ ਹੈ। -ਪੀਟੀਆਈ
ਯੋਗ ਨੂੰ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਾਓ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਮੋਦੀ ਨੇ ਅੱਜ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਯੋਗ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਾਉਣ ਕਿਉਂਕਿ ਇਸ ਦੇ ਅਣਗਿਣਤ ਫਾਇਦੇ ਹਨ। ਸ੍ਰੀ ਮੋਦੀ ਨੇ ਇਕ ਟਵੀਟ ਰਾਹੀਂ ਕਿਹਾ ਕਿ ਕੁਝ ਹੀ ਦਿਨਾਂ ਵਿੱਚ 21 ਜੂਨ ਨੂੰ ਵਿਸ਼ਵ ਭਰ ਵਿੱਚ ਕੌਮਾਂਤਰੀ ਯੋਗ ਦਿਵਸ ਮਨਾਇਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਯੋਗ ਦਿਵਸ ਦਾ ਹਿੱਸਾ ਬਣਨ ਅਤੇ ਯੋਗ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸ਼ਾਮਲ ਕਰਨ। ਪ੍ਰਧਾਨ ਮੰਤਰੀ ਨੇ ਇਹ ਟਵੀਟ ਹਿੰਦੀ ਤੇ ਅੰਗਰੇਜ਼ੀ ਤੋਂ ਇਲਾਵਾ ਵੱਖ-ਵੱਖ ਖੇਤਰੀ ਭਾਸ਼ਾਵਾਂ ਵਿੱਚ ਵੀ ਪੋਸਟ ਕੀਤਾ। ਉਨ੍ਹਾਂ ‘ਸਾਡੀ ਰੋਜ਼ਾਨਾ ਦੀ ਜ਼ਿੰਦਗੀ ’ਚ ਯੋਗ’ ਬਾਰੇ ਇਕ ਯੂ-ਟਿਊਬ ਲਿੰਕ ਵੀ ਪੋਸਟ ਕੀਤਾ। -ਪੀਟੀਆਈ
ਪ੍ਰਧਾਨ ਮੰਤਰੀ ਮੋਦੀ ਦਾ ਮਹਾਰਾਸ਼ਟਰ ਦੌਰਾ ਭਲਕੇ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਮਹਾਰਾਸ਼ਟਰ ਦੇ ਦੌਰੇ ’ਤੇ ਜਾਣਗੇ। ਉਹ ਮੁੰਬਈ ’ਚ ਜੈ ਭੂਸ਼ਨ ਬਿਲਡਿੰਗ ਅਤੇ ਗੈਲਰੀ ਆਫ਼ ਰੈਵੋਲਿਊਸ਼ਨਰੀਜ਼ ਦਾ ਉਦਘਾਟਨ ਕਰਨਗੇ। ਇਸ ਤੋਂ ਇਲਾਵਾ ਉਹ ਪੁਣੇ ’ਚ ਜਗਤਗੁਰੂ ਸ੍ਰੀਸੰਤ ਤੁਕਾਰਾਮ ਮਹਾਰਾਜ ਮੰਦਿਰ ਦਾ ਉਦਘਾਟਨ ਵੀ ਕਰਨਗੇ। ਉਹ ‘ਮੁੰਬਈ ਸਮਾਚਾਰ’ ਅਖ਼ਬਾਰ ਦੇ 200 ਸਾਲ ਮੁਕੰਮਲ ਹੋਣ ਦੇ ਸਮਾਗਮਾਂ ’ਚ ਵੀ ਹਿੱਸਾ ਲੈਣਗੇ। ਇਸ ਦੌਰਾਨ ਮੰਦਿਰ ’ਚ ਸ਼ਰਧਾਲੂਆਂ ਨੂੰ ਪਵਿੱਤਰ ਅਸਥਾਨ ਦੇ ਦਰਸ਼ਨਾਂ ਲਈ ਮੰਗਲਵਾਰ ਸ਼ਾਮ ਤੱਕ ਰੋਕ ਦਿੱਤਾ ਗਿਆ ਹੈ। ਮੰਦਿਰ ਦੀ ਸਫ਼ਾਈ ਲਈ ਪ੍ਰਬੰਧਕਾਂ ਨੇ ਇਹ ਫ਼ੈਸਲਾ ਲਿਆ ਹੈ।