ਉਦੈਪੁਰ (ਰਾਜਸਥਾਨ), 3 ਸਤੰਬਰ
ਰਾਜਥਾਨ ਦੇ ਉਦੈਪੁਰ ਜ਼ਿਲ੍ਹੇ ਦੇ ਸਰਕਾਰੀ ਸਕੂਲ ਵਿੱਚ ਦਲਿਤ ਲੜਕੀਆਂ ਵੱਲੋਂ ਪਰੋਸਿਆ ਗਿਆ ਖਾਣਾ ਸੁੱਟਣ ਲਈ ਕਹਿਣ ਦੇ ਦੋਸ਼ ਹੇਠ ਪੁਲੀਸ ਨੇ ਇੱਕ ਕੁੱਕ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਬੜੌਦੀ ਖੇਤਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਲਾਲ ਰਾਮ ਗੁੱਜਰ ਨੇ ਮਿੱਡ-ਡੇਅ ਮੀਲ ਤਹਿਤ ਵਿਦਿਆਰਥੀਆਂ ਲਈ ਖਾਣਾ ਬਣਾਇਆ, ਜਿਸ ਨੂੰ ਇੱਕ ਹੋਰ ਅਧਿਆਪਕ ਦੇ ਕਹਿਣ ’ਤੇ ਦਲਿਤ ਲੜਕੀਆਂ ਨੇ ਪਰੋਸਣਾ ਸ਼ੁਰੂ ਕਰ ਦਿੱਤਾ। ਲਾਲ ਰਾਮ ਨੇ ਦਲਿਤ ਲੜਕੀਆਂ ਵੱਲੋਂ ਖਾਣਾ ਪਰੋਸੇ ਜਾਣ ’ਤੇ ਇਤਰਾਜ਼ ਕਰਦਿਆਂ ਵਿਦਿਆਰਥੀਆਂ ਨੂੰ ਖਾਣਾ ਸੁੱਟਣ ਲਈ ਕਿਹਾ। ਵਿਦਿਆਰਥੀਆਂ ਨੇ ਹਦਾਇਤ ਦਾ ਪਾਲਣ ਕਰਦਿਆਂ ਖਾਣਾ ਸੁੱਟ ਦਿੱਤਾ। ਪੀੜਤ ਲੜਕੀਆਂ ਨੇ ਘਰ ਜਾ ਕੇ ਘਟਨਾ ਬਾਰੇ ਪਰਿਵਾਰ ਨੂੰ ਦੱਸਿਆ, ਜਿਸ ’ਤੇ ਪਰਿਵਾਰ ਰਿਸ਼ਤੇਦਾਰਾਂ ਸਣੇ ਕੁੱਕ ਖ਼ਿਲਾਫ਼ ਕਾਰਵਾਈ ਦੀ ਮੰਗ ਲਈ ਸਕੂਲ ਪਹੁੰਚ ਗਿਆ। ਗੋਗੁੰਦਾ ਪੁਲੀਸ ਥਾਣੇ ਵਿੱਚ ਕੁੱਕ ਖ਼ਿਲਾਫ਼ ਕੇਸ ਦਰਜ ਕਰਨ ਮਗਰੋਂ ਇਹ ਦੋਸ਼ ਸਹੀ ਸਾਬਿਤ ਹੋਏ। -ਪੀਟੀਆਈ
ਅਧਿਆਪਕ ਦੇ ਮੋਟਰਸਾਈਕਲ ਨੂੰ ਹੱਥ ਲਾਉਣ ’ਤੇ ਦਲਿਤ ਵਿਦਿਆਰਥੀ ਨੂੰ ਰਾਡ ਨਾਲ ਕੁੱਟਿਆ
ਬਲੀਆ (ਯੂਪੀ): ਉੱਤਰ ਪ੍ਰਦੇਸ਼ ਵਿੱਚ ਅਧਿਆਪਕ ਦੇ ਮੋਟਰਸਾਈਕਲ ਨੂੰ ਹੱਥ ਲਾਉਣ ’ਤੇ ਇੱਕ ਦਲਿਤ ਵਿਦਿਆਰਥੀ ਨੂੰ ਕਲਾਸ ਵਿੱਚ ਬੰਦ ਕਰਨ ਮਗਰੋਂ ਰਾਡ ਨਾਲ ਕੁੱਟਿਆ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥੀ ਨੂੰ ਬੇਰਹਿਮੀ ਨਾਲ ਕੁੱਟਣ ਵਾਲੇ ਅਧਿਆਪਕ ਕ੍ਰਿਸ਼ਨ ਮੋਹਨ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲੀਸ ਅਨੁਸਾਰ ਇਹ ਘਟਨਾ ਨਾਗਰਾ ਪੁਲੀਸ ਥਾਣੇ ਅਧੀਨ ਪੈਂਦੇ ਹਾਇਰ ਸੈਕੰਡਰੀ ਸਕੂਲ ਰਾਣੂਪੁਰ ਵਿੱਚ ਵਾਪਰੀ। ਨਾਗਰਾ ਪੁਲੀਸ ਥਾਣੇ ਦੇ ਐੱਸਐੱਚਓ ਦਵੇਂਦਰ ਨਾਥ ਦੂਬੇ ਨੇ ਦੱਸਿਆ ਕਿ ਛੇਵੀਂ ਕਲਾਸ ਦੇ ਵਿਦਿਆਰਥੀ ਨੇ ਅਧਿਆਪਕ ਕ੍ਰਿਸ਼ਨ ਮੋਹਨ ਸ਼ਰਮਾ ਦੇ ਮੋਟਰਸਾਈਕਲ ਨੂੰ ਹੱਥ ਲਗਾ ਦਿੱਤਾ, ਜਿਸ ’ਤੇ ਅਧਿਆਪਕ ਨੇ ਪਹਿਲਾਂ ਵਿਦਿਆਰਥੀ ਨੂੰ ਕਲਾਸ ਵਿੱਚ ਬੰਦ ਕੀਤਾ ਅਤੇ ਫਿਰ ਲੋਹੇ ਦੀ ਰਾਡ ਅਤੇ ਝਾੜੂ ਨਾਲ ਕੁੱਟਿਆ। ਬਾਅਦ ਵਿੱਚ ਸਕੂਲ ਦੇ ਬਾਕੀ ਸਟਾਫ ਨੇ ਆ ਕੇ ਵਿਦਿਆਰਥੀ ਨੂੰ ਛੁਡਾਇਆ। -ਪੀਟੀਆਈ