ਨਵੀਂ ਦਿੱਲੀ, 2 ਸਤੰਬਰ
ਕਾਂਗਰਸ ਨੇ ਕੇਂਦਰ ਸਰਕਾਰ ’ਤੇ ਅਯੋਗ ਅਗਵਾਈ ਕਾਰਨ ਭਾਰਤੀ ਅਰਥਚਾਰੇ ਨੂੰ ਤਬਾਹ ਕਰਨ ਦੇ ਦੋਸ਼ ਲਾਏ ਹਨ। ਕਾਂਗਰਸ ਨੇ ਕਿਹਾ ਕਿ ਸਰਕਾਰ ਦਾ ਧਿਆਨ ਅਰਥਚਾਰੇ ਨੂੰ ਮੁੜ ਪੈਰਾਂ ਸਿਰ ਕਰਨ ਦੀ ਥਾਂ ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਬਣਾਉਣ ਵੱਲ ਲੱਗਿਆ ਹੋਇਆ ਹੈ। ਵਿਰੋਧੀ ਧਿਰ ਨੇ ਪੁੱਛਿਆ ਕਿ ਕੀ ਮੋਦੀ ਸਰਕਾਰ ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਕਰਨ ਅਤੇ ਦੇਸ਼ ਦਾ ਅਰਥਚਾਰਾ ਪੰਜ ਟ੍ਰਿਲੀਅਨ ਡਾਲਰ ਕਰਨ ਦੇ ਆਪਣੇ ਵਾਅਦੇ ਤੋਂ ਪਿੱਛੇ ਹਟ ਜਾਵੇਗੀ। ਕਾਂਗਰਸ ਦੇ ਤਰਜਮਾਨ ਗੌਰਵ ਵੱਲਭ ਨੇ ਪ੍ਰੈੱਸ ਕਾਨਫਰੰਸ ਦੌਰਾਨ ਜੀਡੀਪੀ ਦੇ ਅੰਕੜਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਅੰਕੜੇ ਚਿੰਤਾ ਪੈਦਾ ਕਰਨ ਵਾਲੇ ਹਨ। ਸਟੇਟ ਬੈਂਕ ਆਫ ਇੰਡੀਆ ਨੇ ਵਿੱਤੀ ਸਾਲ 2023 ਵਿੱਚ ਵਿਕਾਸ ਦਰ 7.5 ਫ਼ੀਸਦ ਤੋਂ ਘਟ ਕੇ 6.8 ਫ਼ੀਸਦ ਹੋਣ ਦਾ ਖਦਸ਼ਾ ਜਤਾਇਆ ਹੈ। -ਪੀਟੀਆਈ