ਨਵੀਂ ਦਿੱਲੀ, 5 ਅਪਰੈਲ
ਫਰੈਂਚ ਮੀਡੀਆ ਵਿੱਚ ਛਪੀ ਰਿਪੋਰਟ ਦੇ ਹਵਾਲੇ ਨਾਲ ਕਾਂਗਰਸ ਨੇ ਅੱਜ ਇਕ ਵਾਰ ਫਿਰ ਰਾਫ਼ਾਲ ਰੱਖਿਆ ਕਰਾਰ ਦੀ ਮੁਕੰਮਲ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਹੈ। ਫਰੈਂਚ ਮੀਡੀਆ ਵਿੱਚ ਛਪੀ ਰਿਪੋਰਟ ’ਚ ਰਾਫ਼ਾਲ ਦੇ ਨਿਰਮਾਤਾ ‘ਦਾਸੋ’ ਵੱਲੋਂ ‘ਵਿਚੋਲੀਏ’ ਨੂੰ ਕਥਿਤ 1.1 ਮਿਲੀਅਨ ਯੂਰੋਜ਼ ਦੀ ਅਦਾਇਗੀ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਫਰੈਂਚ ਨਿਊਜ਼ ਪੋਰਟਲ ਦੀ ਰਿਪੋਰਟ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਰਾਫ਼ਾਲ ਰੱਖਿਆ ਕਰਾਰ ਵਿੱਚ ਭ੍ਰਿਸ਼ਟਾਚਾਰ ਬਾਰੇ ਲਾਏ ਦੋਸ਼ ਸਹੀ ਹੋਣ ਦੀ ਪੁਸ਼ਟੀ ਕੀਤੀ ਹੈ। -ਪੀਟੀਆਈ
ਭਾਜਪਾ ਵੱਲੋਂ ਰਿਪੋਰਟ ‘ਬੇਬੁਨਿਆਦ’ ਕਰਾਰ, ‘ਕਾਰਪੋਰੇਟ ਸ਼ਰੀਕੇਬਾਜ਼ੀ’ ਸਿਰ ਭਾਂਡਾ ਭੰਨਿਆ
ਨਵੀਂ ਦਿੱਲੀ: ਰਾਫ਼ਾਲ ਲੜਾਕੂ ਜੈੱਟ ਤਿਆਰ ਕਰਨ ਵਾਲੀ ਫਰੈਂਚ ਕੰਪਨੀ ਦਾਸੋ ਵੱਲੋਂ ‘ਭਾਰਤੀ ਵਿਚੋਲੀਏ’ ਨੂੰ 1 ਮਿਲੀਅਨ ਯੂਰੋ ਦੀ ਅਦਾਇਗੀ ਕੀਤੇ ਜਾਣ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕੇੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਰਾਫ਼ਾਲ ਬਾਰੇ ਸੱਜਰੀ ਰਿਪੋਰਟ ਨੂੰ ‘ਕਾਰਪੋਰੇਟ ਸ਼ਰੀਕੇਬਾਜ਼ੀ’ ਕਰਾਰ ਦਿੰਦਿਆਂ ਪੂਰੀ ਤਰ੍ਹਾਂ ਬੇਬੁਨਿਆਦ ਕਰਾਰ ਦਿੱਤਾ ਹੈ। ਪ੍ਰਸਾਦ ਨੇ ਦੋਸ਼ ਲਾਇਆ ਕਿ ਕਾਂਗਰਸ ਹਥਿਆਰਬੰਦ ਬਲਾਂ ਦੇ ਮਨੋਬਲ ਨੂੰ ਕਮਜ਼ੋਰ ਕਰ ਰਹੀ ਹੈ। ਉਨ੍ਹਾਂ ਕਾਂਗਰਸ ਨੂੰ ਯਾਦ ਕਰਵਾਇਆ ਕਿ ਰਿਪੋਰਟ ਵਿੱਚ ਉਸੇ ‘ਸੁਸ਼ੇਨ ਗੁਪਤਾ’ ਦਾ ਨਾਮ ਸਾਹਮਣੇ ਆਇਆ ਹੈ, ਜਿਸ ਦਾ ਨਾਮ ਅਗਸਤਾਵੈਸਟਲੈਂਡ ਕੇਸ ਵਿੱਚ ਕਾਂਗਰਸ ਨਾਲ ਜੁੜਿਆ ਸੀ। ਪ੍ਰਸਾਦ ਨੇ ਕਿਹਾ, ‘ਮੈਨੂੰ ਦੱਸਿਆ ਗਿਆ ਸੀ ਕਿ ਰਾਹੁਲ ਗਾਂਧੀ ਆਪਣਾ ਹੋਮਵਰਕ ਨਹੀਂ ਕਰਦੇ, ਪਰ ਹੁਣ ਲਗਦਾ ਹੈ ਕਿ ਪਾਰਟੀ ਤਰਜਮਾਨ ਵੀ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਕਰਦੇ।’-ਟਨਸ