ਨਵੀਂ ਦਿੱਲੀ: ਕੇਂਦਰ ਸਰਕਾਰ ਸਾਂਝਾ ਯੋਗਤਾ ਟੈਸਟ (ਸੀਈਟੀ) ਸਿਰਫ਼ ਹਿੰਦੀ ਤੇ ਅੰਗਰੇਜ਼ੀ ਵਿਚ ਹੀ ਨਹੀਂ ਬਲਕਿ 10 ਹੋਰ ਭਾਸ਼ਾਵਾਂ ਵਿਚ ਵੀ ਲੈਣ ਲਈ ਯੋਜਨਾਬੰਦੀ ਕਰ ਰਹੀ ਹੈ। ਇਸ ਤਰ੍ਹਾਂ ਬੈਂਕਿੰਗ, ਐੱਸਐੱਸਸੀ ਤੇ ਰੇਲਵੇ ਵਿਚ ਨੌਕਰੀ ਦੇ ਚਾਹਵਾਨ ਨੌਜਵਾਨਾਂ ਨੂੰ ਬਰਾਬਰ ਮੌਕੇ ਮਿਲਣਗੇ। ਇਸ ਤੋਂ ਬਾਅਦ ਸੀਈਟੀ ਹੌਲੀ-ਹੌਲੀ ਹੋਰ ਭਾਸ਼ਾਵਾਂ ਵਿਚ ਲਿਆ ਜਾਵੇਗਾ। ਭਾਰਤੀ ਸੰਵਿਧਾਨ ਦੇ ਅੱਠਵੇਂ ਸ਼ਡਿਊਲ ਵਿਚ 22 ਭਾਸ਼ਾਵਾਂ ਹਨ। ਪਹਿਲਾਂ 12 ਭਾਸ਼ਾਵਾਂ ਨਾਲ ਸ਼ੁਰੂ ਕਰ ਕੇ ਬਾਅਦ ਵਿਚ ਸੀਈਟੀ ਦਾ ਦਾਇਰਾ ਵਧਾਇਆ ਜਾਵੇਗਾ। ਇਸ ਟੈਸਟ ਨੂੰ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵੀ ਨੌਕਰੀਆਂ ਲਈ ਚੋਣ ਕਰਨ ਵੇਲੇ ਵਰਤ ਸਕਦੇ ਹਨ। ਪਰਸੋਨਲ ਤੇ ਸਿਖ਼ਲਾਈ ਵਿਭਾਗ ਵੱਖ-ਵੱਖ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਅੰਕ ਸਾਂਝੇ ਕਰਨ ਬਾਰੇ ਤਾਲਮੇਲ ਕਰ ਰਿਹਾ ਹੈ। -ਪੀਟੀਆਈ