ਨਵੀਂ ਦਿੱਲੀ, 22 ਅਗਸਤ
ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ’ਤੇ ਬਣੀ ਕਮੇਟੀ ਨੇ ਅੱਜ ਆਪਣੀ ਪਹਿਲੀ ਮੀਟਿੰਗ ਵਿੱਚ ਐੱਮਐੱਸਪੀ ਨੂੰ ਹੋਰ ਪ੍ਰਭਾਵੀ ਤੇ ਪਾਰਦਰਸ਼ੀ ਬਣਾਉਣ ਸਣੇ ਹੋਰ ਮੁੱਦਿਆਂ ’ਤੇ ਗੌਰ ਕਰਨ ਲਈ ਚਾਰ ਉਪ-ਸਮੂਹਾਂ ਦਾ ਗਠਨ ਕੀਤਾ ਹੈ। ਇਸ ਮੀਟਿੰਗ ਵਿੱਚੋਂ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਗੈਰਹਾਜ਼ਰ ਰਿਹਾ। ਸਾਬਕਾ ਖੇਤੀਬਾੜੀ ਸਕੱਤਰ ਸੰਜੈ ਅਗਰਵਾਲ ਦੀ ਪ੍ਰਧਾਨਗੀ ਵਾਲੀ ਇਸ ਕਮੇਟੀ ਨੇ ‘ਜ਼ੀਰੋ ਬਜਟ ਆਧਾਰਿਤ ਖੇਤੀ ਨੂੰ ਵਧਾਉਣ’, ਦੇਸ਼ ਦੀਆਂ ਬਦਲ ਰਹੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਫ਼ਸਲੀ ਪੈਟਰਨ ਬਦਲਣ ਅਤੇ ਐੱਮਐੱਸਪੀ ਨੂੰ ਹੋਰ ਪ੍ਰਭਾਵੀ ਤੇ ਪਾਰਦਰਸ਼ੀ ਬਣਾਉਣ ਦੇ ਤਰੀਕਿਆਂ ਬਾਰੇ ਚਰਚਾ ਕੀਤੀ। ਕਮੇਟੀ ਵਿੱਚ ਚੇਅਰਮੈਨ ਸਣੇ 26 ਮੈਂਬਰ ਹਨ ਅਤੇ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਦੇ ਨੁਮਾਇੰਦਿਆਂ ਲਈ ਮੈਂਬਰਾਂ ਦੀਆਂ ਤਿੰਨ ਸੀਟਾਂ ਵੱਖਰੇ ਤੌਰ ’ਤੇ ਰੱਖੀਆਂ ਗਈਆਂ ਹਨ। -ਪੀਟੀਆਈ