ਚੰਡੀਗੜ੍ਹ, 15 ਜਨਵਰੀ
ਪਹਾੜਾਂ ’ਤੇ ਪਏ ਮੀਂਹ ਅਤੇ ਬਰਫ਼ਬਾਰੀ ਦਾ ਅਸਰ ਹੁਣ ਮੈਦਾਨੀ ਇਲਾਕਿਆਂ ’ਚ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਅਤੇ ਹਰਿਆਣਾ ਸਮੇਤ ਪੂਰੇ ਉੱਤਰੀ ਭਾਰਤ ’ਚ ਕੜਾਕੇ ਦੀ ਠੰਢ ਪੈ ਰਹੀ ਹੈ। ਸੀਤ ਲਹਿਰ ਕਾਰਨ ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਈ ਥਾਵਾਂ ’ਤੇ ਸੰਘਣੀ ਧੁੰਦ ਪੈਣ ਕਾਰਨ ਮੁਸੀਬਤਾਂ ਹੋਰ ਵਧ ਗਈਆਂ ਹਨ। ਅੱਜ ਚੰਡੀਗੜ੍ਹ ਅਤੇ ਨੇੜਲੇ ਇਲਾਕਿਆਂ ’ਚ ਕੁਝ ਦੇਰ ਲਈ ਹਲਕੀ ਧੁੱਪ ਨਿਕਲੀ ਪਰ ਬਾਅਦ ’ਚ ਫਿਰ ਬੱਦਲਵਾਈ ਛਾ ਗਈ ਅਤੇ ਠੰਢੀਆਂ ਹਵਾਵਾਂ ਵੱਗਣ ਲੱਗ ਪਈਆਂ। ਇਸ ਦੌਰਾਨ ਪੰਜਾਬ ਤੇ ਹਰਿਆਣਾ ਵਿਚ ਜ਼ਿਆਦਾਤਰ ਥਾਵਾਂ ’ਤੇ ਠੰਢ ਦਾ ਜ਼ੋਰ ਅੱਜ ਵੀ ਜਾਰੀ ਰਿਹਾ। ਇਸ ਦੌਰਾਨ ਹਿਸਾਰ ਘੱਟੋ-ਘੱਟ 4.4 ਡਿਗਰੀ ਸੈਲਸੀਅਸ ਤਾਪਮਾਨ ਨਾਲ ਦੋਹਾਂ ਸੂਬਿਆਂ ਵਿੱਚੋਂ ਸਭ ਤੋਂ ਠੰਢਾ ਰਿਹਾ। ਇਹ ਜਾਣਕਾਰੀ ਅੱਜ ਮੌਸਮ ਵਿਭਾਗ ਨੇ ਦਿੱਤੀ। ਇਸ ਦੌਰਾਨ ਪੰਜਾਬ ਦੇ ਅੰਮ੍ਰਿਤਸਰ ਵਿਚ ਘੱਟੋ-ਘੱਟ ਤਾਪਮਾਨ 6.8 ਡਿਗਰੀ, ਲੁਧਿਆਣਾ ਵਿਚ 7.2 ਡਿਗਰੀ ਅਤੇ ਪਟਿਆਲਾ ਵਿਚ 6.9 ਡਿਗਰੀ ਦਰਜ ਕੀਤਾ ਗਿਆ। ਇਸੇ ਤਰ੍ਹਾਂ ਹਰਿਆਣਾ ਦੇ ਅੰਬਾਲਾ ਵਿਚ ਘੱਟੋ ਘੱਟ ਤਾਪਮਾਨ 7.4 ਡਿਗਰੀ, ਕਰਨਾਲ ’ਚ 7.8 ਡਿਗਰੀ ਅਤੇ ਨਾਰਨੌਲ ਵਿਚ 5.6 ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਦੋਹਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿਚ ਘੱਟੋ-ਘੱਟ ਤਾਪਮਾਨ 8.1 ਡਿਗਰੀ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ ਤਿੰਨ ਡਿਗਰੀ ਘੱਟ ਹੈ। ਇਸ ਦੌਰਾਨ ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ ਤੇ ਪਟਿਆਲਾ, ਹਰਿਆਣਾ ਦੇ ਅੰਬਾਲਾ, ਕਰਨਾਲ ਤੇ ਨਾਰਨੌਲ ਅਤੇ ਚੰਡੀਗੜ੍ਹ ਵਿਚ ਧੁੰਦ ਵੀ ਛਾਈ ਰਹੀ। -ਪੀਟੀਆਈ
ਕਸ਼ਮੀਰ ਵਿਚ ਜ਼ਿਆਦਾਤਰ ਥਾਵਾਂ ’ਤੇ ਪਾਰਾ ਮਨਫ਼ੀ ਤੋਂ ਹੇਠਾਂ
ਸ੍ਰੀਨਗਰ: ਕਸ਼ਮੀਰ ਵਿਚ ਤੀਬਰ ਸੀਤ ਲਹਿਰ ਵਾਲੀ ਸਥਿਤੀ ਜਾਰੀ ਰਹਿਣ ਕਾਰਨ ਕਈ ਥਾਵਾਂ ’ਤੇ ਪਾਰਾ ਮਨਫ਼ੀ ਤੋਂ ਹੇਠਾਂ ਚੱਲ ਰਿਹਾ ਹੈ। ਇਹ ਜਾਣਕਾਰੀ ਅੱਜ ਇੱਥੇ ਇਕ ਅਧਿਕਾਰੀ ਨੇ ਦਿੱਤੀ। ਇਸ ਸੀਜ਼ਨ ਦੇ ਹਿਸਾਬ ਨਾਲ ਰਾਤ ਦਾ ਤਾਪਮਾਨ ਆਮ ਨਾਲੋਂ ਕਈ ਡਿਗਰੀ ਘੱਟ ਚੱਲ ਰਿਹਾ ਹੈ। ਸ੍ਰੀਨਗਰ ਵਿਚ ਘੱਟੋ ਘੱਟ ਤਾਪਮਾਨ ਮਨਫ਼ੀ 4.5 ਡਿਗਰੀ ਦਰਜ ਕੀਤਾ ਗਿਆ ਜੋ ਕਿ ਪਿਛਲੀ ਰਾਤ ਨਾਲੋਂ ਕਰੀਬ ਇਕ ਡਿਗਰੀ ਘੱਟ ਸੀ। ਪਿਛਲੀ ਰਾਤ ਤਾਪਮਾਨ ਮਨਫੀ 3.4 ਡਿਗਰੀ ਦਰਜ ਕੀਤਾ ਗਿਆ ਸੀ। ਉੱਤਰ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ’ਚ ਪੈਂਦੇ ਮਸ਼ਹੂਰ ਸਕੀਇੰਗ ਰਿਜ਼ੋਰਟ ਗੁਲਮਰਗ ਵਿਚ ਤਾਪਮਾਨ ਮਨਫ਼ੀ 9.5 ਡਿਗਰੀ ਦਰਜ ਕੀਤਾ ਗਿਆ। ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਪੈਂਦੇ ਪਹਿਲਗਾਮ ਵਿਚ ਘੱਟੋ-ਘੱਟ ਤਾਪਮਾਨ ਮਨਫ਼ੀ 11.4 ਡਿਗਰੀ ਦਰਜ ਕੀਤਾ ਗਿਆ। -ਪੀਟੀਆਈ
ਧੂੰਏਂ ਨਾਲ ਦਮ ਘੁਟਣ ਕਰਕੇ ਦੋ ਮੌਤਾਂ
ਪਟਿਆਲਾ (ਸਰਬਜੀਤ ਸਿੰਘ ਭੰਗੂ): ਇੱਥੋਂ ਨੇੜਲੇ ਪਿੰਡ ਸੁਨਿਆਰਹੇੜੀ ਵਿੱਚ ਸਥਿਤ ਇੱਕ ਮਾਰਬਲ ਗੋਦਾਮ ਦੇ ਇੱਕ ਕਮਰੇ ਵਿੱਚ ਰਾਤ ਸਮੇਂ ਸੇਕਣ ਲਈ ਤਸਲੇ ਵਿੱਚ ਪਾ ਕੇ ਰੱਖੇ ਕੋਲਿਆਂ ’ਚੋਂ ਨਿਕਲੀ ਗੈਸ ਚੜ੍ਹਨ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ। ਦੋਵੇਂ ਜਣੇ ਕਰੀਬ 38 ਸਾਲਾਂ ਦੇ ਸਨ ਜੋ ਨੇਪਾਲ ਦੇ ਰਹਿਣ ਵਾਲੇ ਸਨ। ਦੋਵਾਂ ਦੀ ਪਛਾਣ ਪੂਰਨ ਅਤੇ ਮਨੋਜ ਕੁਮਾਰ ਵਜੋਂ ਹੋਈ ਹੈ। ਥਾਣਾ ਸਦਰ ਪਟਿਆਲਾ ਦੇ ਐੱਸਐੱਚਓ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਭਾਵੇਂ ਅਜੇ ਮੁਕੰਮਲ ਜਾਂਚ ਅਤੇ ਪੋਸਟਮਾਰਟਮ ਰਿਪੋਰਟ ਆਉਣੀ ਬਾਕੀ ਹੈ, ਪਰ ਮੁੱਢਲੀ ਤਫ਼ਤੀਸ਼ ਮੁਤਾਬਕ ਇਹ ਘਟਨਾ ਕਮਰੇ ’ਚ ਸੇਕਣ ਲਈ ਤਸਲੇ ’ਚ ਪਾ ਕੇ ਰੱਖੇ ਕੋਲਿਆਂ ਤੋਂ ਬਣੀ ਗੈਸ ਨਾਲ ਵਾਪਰੀ ਜਾਪਦੀ ਹੈ। ਉਨ੍ਹਾਂ ਕਿਹਾ ਕਿ ਕਮਰਾ ਬਹੁਤ ਛੋਟਾ ਸੀ, ਜਿਸ ਵਿੱਚ ਹਵਾ ਦੀ ਨਿਕਾਸੀ ਲਈ ਕੋਈ ਰੋਸ਼ਨਦਾਨ ਵੀ ਨਹੀਂ ਸੀ ਜਿਸ ਕਰਕੇ ਅੰਦਾਜ਼ਾ ਹੈ ਕਿ ਠੰਢ ਤੋਂ ਬਚਣ ਲਈ ਤਸਲੇ ’ਚ ਪਾ ਕੇ ਰੱਖੇ ਭਖਦੇ ਕੋਲੇ ਜਾਨਲੇਵਾ ਸਾਬਤ ਹੋਏ।