ਨੋਇਡਾ, 29 ਅਗਸਤ
ਨੋਇਡਾ ’ਚ ਐਤਵਾਰ ਢਾਹੇ ਗਏ ਸੁਪਰਟੈੱਕ ਟਵਿਨ ਟਾਵਰਾਂ ਦੇ ਆਲੇ-ਦੁਆਲੇ ਦੀਆਂ ਸੜਕਾਂ ਤੇ ਰਿਹਾਇਸ਼ੀ ਸੁਸਾਇਟੀਆਂ ਵਿਚ ਸਫ਼ਾਈ ਦਾ ਕੰਮ ਜਾਰੀ ਹੈ। ਨੋਇਡਾ ਅਥਾਰਿਟੀ ਦੀ ਸੀਈਓ ਰਿਤੂ ਮਹੇਸ਼ਵਰੀ ਨੇ ਦੱਸਿਆ ਕਿ ਐਮਰਲਡ ਕੋਰਟ ਤੇ ਏਟੀਐੱਸ ਵਿਲੇਜ ਸੁਸਾਇਟੀਆਂ ਦੇ ਸੈਂਕੜੇ ਨਿਵਾਸੀ ਐਤਵਾਰ ਰਾਤ ਤੱਕ ਸੈਕਟਰ 93ਏ ’ਚ ਪਰਤ ਆਏ ਸਨ। ਪਰ ਕਈ ਹੋਰ ਸੋਮਵਾਰ ਨੂੰ ਸੁਸਾਇਟੀਆਂ ਵਿਚ ਪਰਤੇ ਹਨ। ਟਾਵਰ ਢਾਹੇ ਜਾਣ ਤੋਂ ਇਕ ਦਿਨ ਪਹਿਲਾਂ ਕਰੀਬ 5000 ਲੋਕਾਂ ਨੂੰ ਨੇੜਲੀਆਂ ਸੁਸਾਇਟੀਆਂ ਵਿਚੋਂ ਜਾਣ ਲਈ ਕਿਹਾ ਗਿਆ ਸੀ। ਐਤਵਾਰ ਦੁਪਹਿਰੇ 2.30 ਵਜੇ 12 ਸਕਿੰਟਾਂ ਵਿਚ ਇਹ ਬਹੁਮੰਜ਼ਿਲਾ ਟਾਵਰ ਢਾਹ ਦਿੱਤੇ ਗਏ। ਇਮਾਰਤ ਢਹਿਣ ਕਾਰਨ ਹਜ਼ਾਰਾਂ ਟਨ ਮਲਬਾ ਇਕੱਠਾ ਹੋ ਗਿਆ। ਇਸ ਦੇ ਨਾਲ ਧੂੜ ਦੇ ਬੱਦਲ ਵੀ ਉੱਠੇ ਸਨ ਜੋ ਹੁਣ ਨੇੜਲੇ ਇਲਾਕਿਆਂ ਵਿਚ ਇਕੱਠੀ ਹੋ ਗਈ ਹੈ। ਇਮਾਰਤ ਢਾਹੁਣ ਵਾਲੀ ‘ਐਡੀਫਿਸ ਇੰਜਨੀਅਰਿੰਗ’, ਜੈੱਟ ਡੈਮੋਲਿਸ਼ਨਜ਼, ਸੀਬੀਆਰਆਈ ਤੇ ਨੋਇਡਾ ਅਥਾਰਿਟੀ ਵੱਲੋਂ ਸੁਰੱਖਿਆ ਕਲੀਅਰੈਂਸ ਦਿੱਤੇ ਜਾਣ ਤੋਂ ਬਾਅਦ ਸੁਸਾਇਟੀ ਵਾਸੀ ਐਤਵਾਰ ਰਾਤ 7 ਵਜੇ ਤੋਂ ਪਰਤਣੇ ਸ਼ੁਰੂ ਹੋ ਗਏ ਸਨ। ਮਹੇਸ਼ਵਰੀ ਨੇ ਦੱਸਿਆ ਕਿ ਝਾੜੂ ਲਾਉਣ ਤੇ ਧੁਆਈ ਵਰਗੀਆਂ ਗਤੀਵਿਧੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ। ਇਸ ਲਈ ਵੱਡੀ ਗਿਣਤੀ ਵਰਕਰਾਂ ਤੇ ਅਧਿਕਾਰੀਆਂ ਨੂੰ ਲਾਇਆ ਗਿਆ ਹੈ। ਨੇੜਲੀਆਂ ਦੋ ਸੁਸਾਇਟੀਆਂ ਦੇ ਦਰੱਖਤਾਂ ਤੇ ਬੂਟਿਆਂ ਉਤੇ ਪਾਣੀ ਛਿੜਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਜਲੀ, ਘਰੇਲੂ ਗੈਸ ਤੇ ਜਲ ਸਪਲਾਈ ਜਾਇਜ਼ਾ ਲੈਣ ਤੋਂ ਬਾਅਦ ਜਲਦੀ ਸ਼ੁਰੂ ਕਰ ਦਿੱਤੀ ਗਈ ਸੀ। ਸੀਨੀਅਰ ਆਈਏਐੱਸ ਅਧਿਕਾਰੀ ਨੇ ਕਿਹਾ ਕਿ ਸਾਰੀਆਂ ਸਪਲਾਈ ਲਾਈਨਾਂ ’ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ। -ਪੀਟੀਆਈ
ਮਲਬੇ ਨਾਲ ਫੋਟੋਆਂ ਖਿੱਚਣ ਤੇ ਵੀਡੀਓ ਬਣਾਉਣ ਆ ਰਹੇ ਨੇ ਲੋਕ
ਟਵਿਨ ਟਾਵਰ ਭਾਵੇਂ ਢਾਹ ਦਿੱਤੇ ਗਏ ਹਨ ਪਰ ਕਈ ਇਲਾਕਾ ਨਿਵਾਸੀ ਹਜ਼ਾਰਾਂ ਟਨ ਮਲਬੇ ਦੇ ਨੇੜੇ ਜਾ ਕੇ ਫੋਟੋਆਂ ਖਿੱਚਣ ਤੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਲਈ ਉੱਥੇ ਪੁਲੀਸ ਤਾਇਨਾਤ ਕਰ ਕੇ ਬੈਰੀਕੇਡ ਲਾਏ ਗਏ ਹਨ। ਜ਼ਿਕਰਯੋਗ ਹੈ ਕਿ ਇਹ ਟਾਵਰ 100 ਮੀਟਰ ਉੱਚੇ ਸਨ ਜੋ ਕਿ ਕੁਤਬ ਮੀਨਾਰ ਤੋਂ ਵੱਧ ਉਚਾਈ ਹੈ। -ਪੀਟੀਆਈ