ਕੋਲਕਾਤਾ, 1 ਅਗਸਤ
ਪੱਛਮੀ ਬੰਗਾਲ ਸੀਆਈਡੀ ਨੇ ਦਾਅਵਾ ਕੀਤਾ ਹੈ ਕਿ ਹਾਵੜਾ ਜ਼ਿਲ੍ਹੇ ਦੇ ਪਾਂਚਾਲ ਵਿੱਚ ਝਾਰਖੰਡ ਨਾਲ ਸਬੰਧਤ ਤਿੰਨ ਵਿਧਾਇਕਾਂ ਤੋਂ ਬਰਾਮਦ ਨਗਦੀ ਉਨ੍ਹਾਂ ਨੂੰ ਕੋਲਕਾਤਾ ਵਿੱਚ ਸੌਂਪੀ ਗਈ ਸੀ। ਇਨ੍ਹਾਂ ਵਿਧਾਇਕਾਂ ਤੋਂ ਸ਼ਨਿਚਰਵਾਰ ਨੂੰ ਕਾਰ ਵਿੱਚ ਲੁਕੋ ਕੇ ਰੱਖੇ 48 ਲੱਖ ਰੁਪਏ ਬਰਾਮਦ ਹੋਏ ਸਨ। ਸੀਆਈਡੀ ਸੂਤਰਾਂ ਨੇ ਦੱਸਿਆ ਕਿ ਕੁਝ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਪਤਾ ਲੱਗਿਆ ਹੈ ਕਿ ਤਿੰਨੋਂ ਵਿਧਾਇਕ ਸ਼ਨਿਚਰਵਾਰ ਨੂੰ ਕੇਂਦਰੀ ਕੋਲਕਾਤਾ ਵਿੱਚ ਸੁੰਦਰ ਸਟਰੀਟ ’ਤੇ ਇੱਕ ਹੋਟਲ ਵਿੱਚ ਰੁਕੇ ਸਨ। ਸੂਤਰਾਂ ਮੁਤਾਬਕ, ‘‘ਪਹਿਲਾਂ ਉਹ ਹੋਟਲ ਦੇ ਕਮਰੇ ਵਿੱਚ ਗਏ ਅਤੇ ਫਿਰ ਤੁਰੰਤ ਬਾਅਦ ਬਾਰ ਵਿੱਚ ਆ ਗਏ। ਉਥੇ ਉਨ੍ਹਾਂ ਨੂੰ ਚੌਥਾ ਵਿਅਕਤੀ ਮਿਲਿਆ ਤੇ ਕੁਝ ਦੇਰ ਬਾਅਦ ਚਲਾ ਗਿਆ। ਇਸ ਮਗਰੋਂ ਉਹ ਇੱਕ ਬੈਗ ਲੈ ਕੇ ਆਇਆ ਉਸ ਨੇ ਤਿੰਨੋਂ ਵਿਧਾਇਕਾਂ ਨੂੰ ਸੌਂਪ ਦਿੱਤਾ। ਸਾਡਾ ਮੰਨਣਾ ਹੈ ਕਿ ਬੈਗ ਵਿੱਚ ਨਗਦੀ ਸੀ ਜਿਹੜੀ ਸਫਰ ਦੌਰਾਨ ਤਿੰਨੋਂ ਵਿਧਾਇਕਾਂ ਦੀ ਕਾਰ ਵਿੱਚੋਂ ਬਰਾਮਦ ਹੋਈ।’’ ਉਨ੍ਹਾਂ ਦੱਸਿਆ ਕਿ ਕੇਂਦਰੀ ਕੋਲਕਾਤਾ ਅਧਾਰਿਤ ਇੱਕ ਵਪਾਰੀ ਵੀ ਜਾਂਚ ਦੇ ਘੇਰੇ ਵਿੱਚ ਹੈ।