ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 22 ਫਰਵਰੀ
ਦਿੱਲੀ ਦੀਆਂ ਹੱਦਾਂ ’ਤੇ ਸਾਲ ਭਰ ਚੱਲੇ ਜੇਤੂ ਘੋਲ ਵਿੱਚ ਤਿੰਨ ਕਿਸਾਨ ਵਿਰੋਧ ਖੇਤੀ ਕਾਨੂੰਨ ਵਾਪਸ ਕਰਵਾਉਣ ਤੋਂ ਬਾਅਦ ਕਿਸਾਨ ਆਗੂਆਂ ਦਾ ਪੂਰੇ ਦੇਸ਼ ਭਰ ਵਿੱਚ ਸਨਮਾਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਅੱਜ ਕਾਂਸਟੀਚਿਊਸ਼ਨ ਕਲੱਬ ਆਫ਼ ਇੰਡੀਆ ਵਿੱਚ ਕਿਸਾਨ ਆਗੂਆਂ ਦਾ ਮਹਾਰਾਸ਼ਟਰ ਦੇ ਪਿੰਡ ਦੇ ਗ਼ਰੀਬ ਕਿਸਾਨਾਂ ਦੇ ਬੱਚਿਆਂ ਤੇ ਕਿਸਾਨ ਆਗੂ ਵਿਨਾਇਕਰਾਓ ਪਾਟਿਲ ਵੱਲੋਂ ਸਨਮਾਨ ਕੀਤਾ ਗਿਆ।
ਇਸ ਮੌਕੇ ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਜ਼ਿਲ੍ਹਾ ਉਸਮਾਨਾਬਾਦ ਦੇ ਪਿੰਡ ਕਠੂਆ ਦੇ ਗ਼ਰੀਬ ਕਿਸਾਨਾਂ ਦੇ ਬੱਚਿਆਂ ਅਤੇ ਕਿਸਾਨਾਂ ਲਈ ਆਪਣਾ ਸਭ ਕੁਝ ਨਿਛਾਵਰ ਕਰਨ ਵਾਲੇ ਵਿਨਾਇਕਰਾਓ ਪਾਟਿਲ ਵੱਲੋਂ ਕਿਸਾਨ ਆਗੂਆਂ ਨੂੰ ਕਿਸਾਨ ਸੰਘਰਸ਼ ਦਾ ਪਹਿਲਾ ਪੜਾਅ ਫ਼ਤਹਿ ਕਰਨ ਦੀ ਖ਼ੁਸ਼ੀ ਵਿੱਚ ਸਨਮਾਨਿਆ ਗਿਆ। ਇਸ ਮੌਕੇ ਡਾ. ਦਰਸ਼ਨਪਾਲ, ਹਨਨ ਮੁਲ੍ਹਾ, ਗੁਰਨਾਮ ਸਿੰਘ ਚੜੂਨੀ, ਯੋਗੇਂਦਰ ਯਾਦਵ, ਜਗਜੀਤ ਸਿੰਘ ਡੱਲ੍ਹੇਵਾਲ, ਬਲਬੀਰ ਸਿੰਘ ਰਾਜੇਵਾਲ ਸਣੇ ਅਸ਼ੋਕ ਧਾਵਲੇ ਆਦਿ ਆਗੂਆਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮੁੱਠੀ ਭਰ ਕਿਸਾਨਾਂ ਦਾ ਕਿਹਾ ਜਾਣ ਵਾਲਾ ਅੰਦੋਲਨ ਅੱਜ ਪੂਰੇ ਦੇਸ਼ ਵਿੱਚ ਫੈਲ ਚੁੱਕਾ ਹੈ। ਮਹਾਰਾਸ਼ਟਰ ਦੇ ਪਿੰਡ ਵਿੱਚੋਂ ਬੱਚਿਆਂ ਦਾ ਕਿਸਾਨ ਆਗੂਆਂ ਦਾ ਸਨਮਾਨ ਕਰਨਾ ਦਰਸਾਉਂਦਾ ਹੈ ਕਿ ਭਾਰਤ ਦਾ ਬੱਚਾ-ਬੱਚਾ ਅੰਦੋਲਨ ਨਾਲ ਜੁੜਿਆ ਹੋਇਆ ਹੈ। ਇਸ ਪ੍ਰੋਗਰਾਮ ਦੇ ਪ੍ਰਬੰਧਕ ਵਿਨਾਇਕਰਾਓ ਪਾਟਿਲ ਨੇ ਕਿਹਾ ਕਿ ਕਿਸਾਨ ਆਗੂ ਮੁਲਕ ਦੀਆਂ ਸਨਮਾਨਯੋਗ ਹਸਤੀਆਂ ਹਨ। ਇਨ੍ਹਾਂ ਦੀ ਅਗਵਾਈ ਵਿਚ ਲੜੇ ਜੇਤੂ ਘੋਲ ਸਦਕਾ ਹੀ ਕੇਂਦਰ ਸਰਕਾਰ ਨੂੰ ਤਿੰਨੇ ਖੇਤੀ ਕਾਨੂੰਨ ਵਾਪਸ ਲੈਣੇ ਪਏ ਹਨ। ਉਨ੍ਹਾਂ ਕਿਹਾ ਕਿ ਇਹ ਕਿਸਾਨ ਮੁਕਤੀ ਦਾ ਪਹਿਲਾ ਪੜਾਅ ਹੈ ਜੋ ਅਸੀਂ ਪੂਰਾ ਕੀਤਾ ਹੈ, ਪਰ ਲੜਾਈ ਹਾਲੇ ਬਾਕੀ ਹੈ। ਇਸ ਲਈ ਪੂਰਾ ਤਾਣ ਲਾ ਕੇ ਸੰਯੁਕਤ ਕਿਸਾਨ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਇਆ ਜਾਵੇਗਾ।