ਬੰਗਲੂਰੂ, 25 ਅਗਸਤ
ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ਼ ਮਾਰਸ਼ਲ ਆਰਕੇਐੱਸ ਭਦੌਰੀਆ ਨੇ ਇੱਥੋਂ ਦੇ ਆਪਣੇ ਦੋ ਦਿਨਾਂ ਦੌਰੇ ਦੌਰਾਨ ਲੜਾਕੂ ਜਹਾਜ਼ ਤੇਜਸ ’ਚ ਉਡਾਣ ਭਰੀ। ਰੱਖਿਆ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੱਤੀ।
ਹਵਾਈ ਸੈਨਾ ਵੱਲੋਂ ਜਾਰੀ ਬਿਆਨ ’ਚ ਦੱਸਿਆ ਗਿਆ ਹੈ ਕਿ ਚੀਫ਼ ਆਫ਼ ਏਅਰ ਸਟਾਫ਼ (ਸੀਏਐੱਸ) ਨੇ ਭਾਰਤੀ ਹਵਾਈ ਸੈਨਾ ਦੀਆਂ ਇਕਾਈਆਂ ਤੇ ਉਡਾਣ ਪ੍ਰੀਖਣ ਸੰਸਥਾਵਾਂ ਅਤੇ ਬੰਗਲੂਰੂ ਵਿੱਚ ਹਿੰੰਦੋਸਤਾਨ ਏਅਰੋਨੌਟੀਕਲ ਲਿਮਟਿਡ (ਐੱਚਏਐੱਲ) ਤੇ ਡੀਆਰਡੀਓ ਦੇ ਕੇਂਦਰਾਂ ਦਾ 23 ਤੇ 24 ਅਗਸਤ ਨੂੰ ਦੌਰਾ ਕੀਤਾ। ਬੰਗਲੂਰੂ ਦੇ ਆਪਣੇ ਦੌਰੇ ਦੌਰਾਨ ਹਵਾਈ ਸੈਨਾ ਮੁਖੀ ਨੇ ਤੇਜਸ ਵਿੱਚ ਉਡਾਣ ਭਰੀ। ਭਾਰਤੀ ਹਵਾਈ ਸੈਨਾ ਨੇ ਇਸ ਸਬੰਧੀ ਕੁਝ ਤਸਵੀਰਾਂ ਵੀ ਟਵੀਟ ਕੀਤੀਆਂ ਹਨ। ਜਹਾਜ਼ ਤੇ ਸਿਸਟਮ ਟੈਸਟਿੰਗ ਐਸਟੈਬਲਿਸ਼ਮੈਂਟ (ਏਐੱਸਟੀਈ) ਦੀ ਯਾਤਰਾ ਦੌਰਾਨ ਉਨ੍ਹਾਂ ਨੂੰ ਪਹਿਲਾਂ ਤੋਂ ਚੱਲ ਰਹੀਆਂ ਯੋਜਨਾਵਾਂ ਤੇ ਕਾਰਜਸ਼ੀਲ ਅਜ਼ਮਾਇਸ਼ ਦੀ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਨੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਤੇ ਏਐੱਸਟੀਈ ਦੀ ਭੂਮਿਕਾ ਬਾਰੇ ਦੱਸਿਆ। ਉਨ੍ਹਾਂ ਨੇ ਸਾਫਟਵੇਅਰ ਡਿਵੈਲਪਮੈਂਟ ਇੰਸਟੀਚਿਊਟ (ਐੱਸਡੀਆਈ) ਦਾ ਦੌਰਾ ਵੀ ਕੀਤਾ। -ਪੀਟੀਆਈ