ਨਵੀਂ ਦਿੱਲੀ: ਸਰਕਾਰ ਨੇ ਛੇ ਅਹਿਮ ਸੰਸਦੀ ਕਮੇਟੀਆਂ ਗ੍ਰਹਿ, ਸੂਚਨਾ ਤਕਨਾਲੋਜੀ, ਰੱਖਿਆ, ਵਿਦੇਸ਼ ਮਾਮਲੇ, ਵਿੱਤ ਤੇ ਸਿਹਤ ਕਮੇਟੀਆਂ ਵਿੱਚ ਫੇਰਬਦਲ ਕਰਦਿਆਂ ਚਾਰ ਅਹਿਮ ਕਮੇਟੀਆਂ ਦੀ ਚੇਅਰਮੈਨੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਤੋਂ ਖੋਹ ਲਈ ਹੈ। ਇਨ੍ਹਾਂ ਕਮੇਟੀਆਂ ਦੀ ਚੇਅਰਮੈਨੀ ਹੁਣ ਭਾਜਪਾ ਅਤੇ ਉਸ ਦੇ ਭਾਈਵਾਲਾਂ ਕੋਲ ਰਹੇਗੀ। ਗ੍ਰਹਿ ਮਾਮਲਿਆਂ ਬਾਰੇ ਕਮੇਟੀ ਦੇ ਚੇਅਰਮੈਨ ਹੁਣ ਸੇਵਾਮੁਕਤ ਆਈਪੀਐੱਸ ਬ੍ਰਿਜ ਲਾਲ ਹੋਣਗੇ, ਜਿਨ੍ਹਾਂ ਨੂੰ ਕਾਂਗਰਸੀ ਮੈਂਬਰ ਅਭਿਸ਼ੇਕ ਮਨੂ ਸਿੰਘਵੀ ਦੀ ਥਾਂ ਲਾਇਆ ਗਿਆ ਹੈ। ਇਸੇ ਤਰ੍ਹਾਂ ਸੂਚਨਾ ਤਕਨਾਲੋਜੀ ਬਾਰੇ ਕਮੇਟੀ ਦੀ ਪ੍ਰਧਾਨਗੀ ਸ਼ਸ਼ੀ ਥਰੂਰ ਤੋਂ ਖੋਹ ਕੇ ਸ਼ਿਵ ਸੈਨਾ ਦੇ ਪ੍ਰਤਾਪਰਾਓ ਜਾਧਵ ਨੂੰ ਦਿੱਤੀ ਗਈ ਹੈ। ਇਸ ਸੱਜਰੇ ਫੇਰਬਦਲ ’ਚ ਤ੍ਰਿਣਮੂਲ ਕਾਂਗਰਸ, ਤੋਂ ਖ਼ੁਰਾਕ ਤੇ ਖਪਤਕਾਰ ਮਾਮਲਿਆਂ ਦੀ ਪ੍ਰਧਾਨਗੀ ਵੀ ਖੋਹ ਲਈ ਗਈ ਹੈ। -ਪੀਟੀਆਈ