ਨਵੀਂ ਦਿੱਲੀ, 7 ਜੁਲਾਈ
ਕੇਂਦਰੀ ਮਕਾਨ ਉਸਾਰੀ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਵਿਜੈ ਚੌਕ ਤੋਂ ਇੰਡੀਆ ਗੇਟ ਤੱਕ ਫੈਲਿਆ ਸੈਂਟਰਲ ਵਿਸਟਾ ਐਵੇਨਿਊ ਦੇ ਮੁੜ ਵਿਕਾਸ ਨਾਲ ਜੁੜਿਆ ਪ੍ਰਾਜੈਕਟ 18 ਜੁਲਾਈ ਤੱਕ ਮੁਕੰਮਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਇਕ ਜਾਂ ਦੋ ਅੰਡਰਪਾਸਾਂ ’ਤੇ ਕੁਝ ਛੋਟੇ-ਮੋਟੇ ਕੰਮ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਜਲਦੀ ਹੀ ਪੂਰਾ ਹੋਣ ਦੀ ਉਮੀਦ ਹੈ।
ਸੈਂਟਰਲ ਵਿਸਟਾ ਪ੍ਰਾਜੈਕਟ, ਜੋ ਦੇਸ਼ ਦੀ ਸੱਤਾ ਦਾ ਨਵਾਂ ਲਾਂਘਾ ਹੋਵੇਗਾ, ਵਿੱਚ ਨਵੀਂ ਤਿਕੋਣੀ ਸੰਸਦੀ ਇਮਾਰਤ, ਸਾਂਝਾ ਕੇਂਦਰੀ ਸਕੱਤਰੇਤ, ਵਿਜੈ ਚੌਕ ਤੋਂ ਇੰਡੀਆ ਗੇਟ ਤੱਕ ਤਿੰਨ ਕਿਲੋਮੀਟਰ ਲੰਮੇ ਰਾਜਪਥ ਨੂੰ ਨਵੀਂ ਦਿੱਖ ਦੇਣਾ, ਪ੍ਰਧਾਨ ਮੰਤਰੀ ਦੀ ਨਵੀਂ ਰਿਹਾਇਸ਼ ਤੇ ਨਵਾਂ ਦਫ਼ਤਰ ਅਤੇ ਉਪ ਰਾਸ਼ਟਰਪਤੀ ਦੀ ਨਵੀਂ ਰਿਹਾਇਸ਼ ਸ਼ਾਮਲ ਹਨ। ਸ੍ਰੀ ਪੁਰੀ ਨੇ ਸਮਾਗਮ ਤੋਂ ਇਕਪਾਸੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਸੈਂਟਰਲ ਵਿਸਟਾ ਐਵੇਨਿਊ ਪ੍ਰਾਜੈਕਟ ਲਗਪਗ ਤਿਆਰ ਹੈ। ਇਕ ਦੋ ਅੰਡਰਪਾਸਾਂ ’ਤੇ ਕੁਝ ਨਿੱਕੇ-ਮੋਟੇ ਕੰਮ ਚੱਲ ਰਹੇ ਹਨ। ਇਹ ਪ੍ਰਾਜੈਕਟ 15 ਜਾਂ 18 ਜੁਲਾਈ ਤੱਕ ਮੁਕੰਮਲ ਹੋ ਜਾਵੇਗਾ।’’ ਇਸ ਹਫ਼ਤੇ ਦੇ ਸ਼ੁਰੂ ਵਿੱਚ ਪੁਰੀ ਨੇ ਵਿਜੈ ਚੌਕ ਤੋਂ ਇੰਡੀਆ ਗੇਟ ਤੱਕ ਦੇ ਸੜਕੀ ਟੁਕੜੇ ’ਤੇ ਚੱਲ ਰਹੇ ਕੰਮ ਨੂੰ ਵੇਖਿਆ ਸੀ। ਪੁਰੀ ਨੇ ਕਿਹਾ ਕਿ ਦਿੱਲੀ ਵਾਸੀਆਂ ਦੀ ਇਸ ਥਾਂ ਨਾਲ ਕਈ ਨਿੱਘੀਆਂ ਯਾਦਾਂ ਜੁੜੀਆਂ ਹਨ ਤੇ ਉਨ੍ਹਾਂ ਨੂੰ ਇਹ ਵੇਖ ਕੇ ਖ਼ੁਸ਼ੀ ਤੇ ਹੈਰਾਨੀ ਵੀ ਹੋਈ ਕਿ ਕਿਵੇਂ ਇਸ ਥਾਂ ਦੀ ਮੁਕੰਮਲ ਕਾਇਆਕਲਪ ਹੋ ਗਈ ਹੈ। ਪੁਰੀ ਨੇ 2 ਜੂਨ ਨੂੰ ਕਿਹਾ ਸੀ ਕਿ ਕੇਂਦਰ ਸਰਕਾਰ ਨੇ ਗਣਤੰਤਰ ਦਿਵਸ ਪਰੇਡ ਨਵੇਂ ਰਾਜਪਥ ’ਤੇ ਕੱਢਣ ਦੇ ਟੀਚੇ ਨੂੰ ਪੂਰਾ ਕਰ ਲਿਆ ਹੈ। ਉਨ੍ਹਾਂ ਇਹ ਦਾਅਵਾ ਵੀ ਕੀਤਾ ਸੀ ਕਿ ਸੰਸਦ ਦਾ ਸਰਦ ਰੁੱਤ ਇਜਲਾਸ ਨਵੀਂ ਇਮਾਰਤ ਵਿੱਚ ਹੋਵੇਗਾ। ਅਧਿਕਾਰਤ ਸੂਤਰਾਂ ਮੁਤਾਬਕ ਨਵੀਂ ਸੰਸਦੀ ਇਮਾਰਤ ਦਾ ਕੁਝ ਹਿੱਸਾ 26 ਨਵੰਬਰ ਨੂੰ ਸੰਵਿਧਾਨ ਦਿਹਾੜੇ ਤੱਕ ਚਾਲੂ ਹੋ ਜਾਵੇਗਾ। -ਪੀਟੀਆਈ