ਨਵੀਂ ਦਿੱਲੀ, 2 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਆਮ ਆਦਮੀ ਪਾਰਟੀ ’ਤੇ ਅਸਿੱਧੇ ਢੰਗ ਨਾਲ ਨਿਸ਼ਾਨਾ ਸੇਧਦਿਆਂ ਉਨ੍ਹਾਂ ਦੀ ਸਰਕਾਰ ਵੱਲੋਂ ਕੌਮੀ ਰਾਜਧਾਨੀ ਦੇ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਜ਼ਿਕਰ ਕੀਤਾ। ਉਨ੍ਹਾਂ ‘ਆਪ’ ਸਰਕਾਰ ਵੱਲੋਂ ਇਸ਼ਤਿਹਾਰਾਂ ਲਈ ਖਰਚੀ ਜਾ ਰਹੀ ਰਾਸ਼ੀ ’ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਫਿਰ ਕੇਂਦਰ ਵੱਲੋਂ ਉਠਾਏ ਜਾ ਰਹੇ ਇਨ੍ਹਾਂ ਕਦਮਾਂ ਸਬੰਧੀ ਇਸ਼ਤਿਹਾਰਾਂ ’ਤੇ ਕਿੰਨੀ ਰਕਮ ਖਰਚ ਕੀਤੀ ਜਾਣੀ ਚਾਹੀਦੀ ਹੈ।
ਆਰਥਿਕ ਕਮਜ਼ੋਰ ਵਰਗ ਦੇ ਲੋਕਾਂ ਲਈ ਬਣਾਏ 3,024 ਫਲੈਟਾਂ ਦਾ ਉਦਘਾਟਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਗਰੀਬ ਲੋਕਾਂ ਲਈ ਗਰੀਬੀ ਲੰਬੇ ਸਮੇਂ ਤੋਂ ਇਕ ਮੁੱਦਾ ਰਹੀ ਹੈ ਪਰ ਹੁਣ ਕੇਂਦਰ ਵਿੱਚ ‘ਗਰੀਬਾਂ ਦੀ ਸਰਕਾਰ’ ਹੈ। ਉਨ੍ਹਾਂ ਮੈਟਰੋ ਸੇਵਾਵਾਂ ਵਿੱਚ ਵਿਸਥਾਰ ਕੀਤੇ ਜਾਣ ਦੀ ਗੱਲ ਵੀ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੋਂ ਉਨ੍ਹਾਂ ਦੀ ਸਰਕਾਰ ਸੱਤਾ ਵਿੱਚ ਆਈ ਹੈ ਉਦੋਂ ਤੋਂ ਕੌਮੀ ਰਾਜਧਾਨੀ ਖੇਤਰ ਵਿੱਚ ਮੈਟਰੋ ਸੇਵਾਵਾਂ ਦਾ ਦਾਇਰਾ 190 ਕਿਲੋਮੀਟਰ ਤੋਂ ਵਧਾ ਕੇ ਕਰੀਬ 400 ਕਿਲੋਮੀਟਰ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗਰੀਬਾਂ ਪੱਖੀ ਫੈਸਲੇ ਲੈਣ ਦੇ ਨਾਲ ਕੌਮੀ ਰਾਜਧਾਨੀ ਦੇ ਆਲੇ-ਦੁਆਲੇ ਦੇ ਸ਼ਾਹਰਾਹਾਂ ਅਤੇ ਹੋਰ ਢਾਂਚੇ ਦੇ ਵਿਕਾਸ ਲਈ ਵੀ ਕੰਮ ਕੀਤਾ ਗਿਆ ਹੈ।
ਸ੍ਰੀ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਦਿੱਲੀ ਨੂੰ ਇਕ ਸਾਨਦਾਰ ਸ਼ਹਿਰ ਬਣਾਉਣ ਲਈ ਕੰਮ ਕਰ ਰਹੀ ਹੈ ਜਿਸ ਵਿੱਚ ਦੇਸ਼ ਦੀ ਰਾਜਧਾਨੀ ਮੁਤਾਬਕ ਸਾਰੀਆਂ ਸਹੂਲਤਾਂ ਹੋਣ। -ਪੀਟੀਆਈ
ਵਿਸ਼ਵ ਪੱਧਰੀ ਨਿਵੇਸ਼ਕ ਸੰਮੇਲਨ ‘ਇਨਵੈਸਟ ਕਰਨਾਟਕ 2022’ ਨੂੰ ਸੰਬੋਧਨ ਕੀਤਾ
ਬੰਗਲੁਰੂ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਰਨਾਟਕ ਨੂੰ ਨਿਵੇਸ਼ ਦਾ ਮੁੱਖ ਕੇਂਦਰ ਦੱਸਦੇ ਹੋਏ ਉਸ ਦੇ ਸਭਿਆਚਾਰ, ਭਾਸ਼ਾ ਤੇ ਲੋਕਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਕਈ ਖੇਤਰਾਂ ਵਿੱਚ ਸੂਬੇ ਦੀ ਦੁੱਗਣੀ ਰਫ਼ਤਾਰ ਦਾ ਇਕ ਕਾਰਨ ‘ਡਬਲ ਇੰਜਣ’ ਵਾਲੀ ਸਰਕਾਰ ਦੀ ਤਾਕਤ ਹੈ। ਪ੍ਰਧਾਨ ਮੰਤਰੀ ਵੱਲੋਂ ਤਿੰਨ ਰੋਜ਼ਾ ਵਿਸ਼ਵ ਪੱਧਰੀ ਨਿਵੇਸ਼ਕ ਸੰਮੇਲਨ ‘ਇਨਵੈਸਟ ਕਰਨਾਟਕ 2022’ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦੇ ਹੋਏ ‘ਡਬਲ ਇੰਜਣ’ ਸਰਕਾਰ (ਸੂਬੇ ਤੇ ਕੇਂਦਰ ਵਿੱਚ ਇਕ ਹੀ ਪਾਰਟੀ ਦੀ ਸਰਕਾਰ) ਦਾ ਜ਼ਿਕਰ ਕੀਤਾ ਜਾਣਾ ਕਾਫੀ ਅਹਿਮੀਅਤ ਰੱਖਦਾ ਹੈ ਕਿਉਂਕਿ ਸੂਬੇ ਵਿੱਚ ਕਰੀਬ ਪੰਜ ਮਹੀਨੇ ਬਾਅਦ ਚੋਣਾਂ ਹਨ। ਦੱਸਿਆ ਜਾ ਰਿਹਾ ਹੈ ਕਿ ‘ਇਨਵੈਸਟ ਕਰਨਾਟਕ 2022’ ਕੋਵਿਡ-19 ਤੋਂ ਬਾਅਦ ਦੇਸ਼ ਵਿੱਚ ਐਨੀ ਵੱਡੀ ਪੱਧਰ ’ਤੇ ਹੋਣ ਵਾਲਾ ਨਿਵੇਸ਼ਕਾਂ ਦਾ ਪਹਿਲਾ ਸੰਮੇਲਨ ਹੈ। ਮੋਦੀ ਨੇ ਸੂਬੇ ਵਿੱਚ ਨਿਵੇਸ਼ਕਾਂ ਦਾ ਸਵਾਗਤ ਕਰਦੇ ਹੋਏ ਕਿਹਾ, ‘‘ਕਰਨਾਟਕ ਇਕ ਅਜਿਹੀ ਜਗ੍ਹਾ ਹੈ, ਜਿੱਥੇ ਰਵਾਇਤ ਅਤੇ ਤਕਨਾਲੋਜੀ ਦੋਵੇਂ ਹਨ, ਜਿੱਥੇ ਕੁਦਰਤ ਤੇ ਸਭਿਆਚਾਰ ਦਾ ਬਿਹਤਰੀਨ ਸੁਮੇਲ ਹੈ ਅਤੇ ਇਸ ਦੀ ਪਛਾਣ ਸ਼ਾਨਦਾਰ ਆਰਕੀਟੈਕਚਰ ਤੇ ਜੀਵੰਤ ਸਟਾਰਟਅੱਪ ਦੋਹਾਂ ਨਾਲ ਜੁੜੀ ਹੈ।’’ -ਪੀਟੀਆਈ
ਛੇ ਸਾਲ ਦੀ ਦੇਰੀ ਹੋਣ ਕਾਰਨ ਪ੍ਰਾਜੈਕਟ ਦੀ ਉਸਾਰੀ ਲਾਗਤ 68 ਫੀਸਦ ਵਧੀ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਲੀ ਦੇ ਕਾਲਕਾਜੀ ਇਲਾਕੇ ਵਿੱਚ ਇਕ ਮੁੜਵਸੇਬਾ ਪ੍ਰਾਜੈਕਟ ਤਹਿਤ ਆਰਥਿਕ ਕਮਜ਼ੋਰ ਵਰਗ ਲਈ ਬਣਾਏ 3,024 ਫਲੈਟਾਂ ਦਾ ਉਦਘਾਟਨ ਕੀਤੇ ਜਾਣ ਤੋਂ ਬਾਅਦ ਇਸ ਪ੍ਰਾਜੈਕਟ ਵਿੱਚ ਛੇ ਸਾਲ ਦੀ ਦੇਰੀ ਹੋਣ ਕਰ ਕੇ ਉਸਾਰੀ ਲਾਗਤ ਵਿੱਚ 68 ਫੀਸਦ ਵਾਧਾ ਹੋਣ ਦੇ ਦੋਸ਼ ਲਗਾਏ ਹਨ। ਪਾਰਟੀ ਦੀ ਤਰਜਮਾਨ ਸੁਪ੍ਰਿਯਾ ਸ੍ਰੀਨੇਤ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਇਸ ਪ੍ਰਾਜੈਕਟ ਦੀ ਯੋਜਨਾ ਤੇ ਸ਼ੁਰੂਆਤ ਸ਼ੀਲਾ ਦੀਕਸ਼ਿਤ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਵੱਲੋਂ ਕੀਤੀ ਗਈ ਸੀ। ਹੁਣ ਭਾਜਪਾ ਉਨ੍ਹਾਂ ਦੇ ਕੰਮਾਂ ਦਾ ਲਾਹਾ ਲੈ ਰਹੀ ਹੈ। ਸਾਬਕਾ ਸ਼ਹਿਰੀ ਵਿਕਾਸ ਮੰਤਰੀ ਸੁਭਾਸ਼ ਚੋਪੜਾ ਨੇ ਕਿਹਾ ਕਿ ਇਹ ਪ੍ਰਾਜੈਕਟ ਕਾਂਗਰਸ ਅਤੇ ਸੋਨੀਆ ਗਾਂਧੀ ਦੀ ਸੋਚ ਸੀ। ਸੁਪ੍ਰਿਯਾ ਸ੍ਰੀਨੇਤ ਨੇ ਕਿਹਾ, ‘‘3024 ਫਲੈਟਾਂ ਦਾ ਪਹਿਲਾ ਪੜਾਅ 2013 ਵਿੱਚ ਸ਼ੁਰੂ ਹੋਇਆ ਸੀ ਜੋ ਕਿ 2016 ਵਿੱਚ ਪੂਰਾ ਹੋਣਾ ਸੀ ਪਰ ਇਹ ਛੇ ਸਾਲ ਦੇਰੀ ਨਾਲ ਪੂਰਾ ਹੋਇਆ ਜਿਸ ਕਰ ਕੇ ਉਸਾਰੀ ਲਾਗਤ ਵਿੱਚ 68 ਫੀਸਦ ਵਾਧਾ ਕਰਨਾ ਪਿਆ।’’ ਉਨ੍ਹਾਂ ਦਾਅਵਾ ਕੀਤਾ ਕਿ ਪਹਿਲੇ ਪੜਾਅ ਦੀ ਉਸਾਰੀ ਲਾਗਤ 206 ਕਰੋੜ ਤੋਂ ਵਧਾ ਕੇ 345 ਕਰੋੜ ਰੁਪਏ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਤਹਿਤ 8000 ਤੋਂ ਜ਼ਿਆਦਾ ਫਲੈਟ ਬਣਾਏ ਜਾਣੇ ਹਨ ਜਿਸ ਦਾ ਦੂਜਾ ਪੜਾਅ 2019 ਵਿੱਚ ਪੂਰਾ ਹੋਣਾ ਸੀ ਜੋ ਕਿ ਅਜੇ ਤੱਕ ਸ਼ੁਰੂ ਵੀ ਨਹੀਂ ਹੋਇਆ ਹੈ। ਤੀਜਾ ਪੜਾਅ ਵੀ 2020 ਵਿੱਚ ਪੂਰਾ ਹੋਣਾ ਸੀ। -ਪੀਟੀਆਈ