ਨਵੀਂ ਦਿੱਲੀ, 18 ਅਪਰੈਲ
ਸੀਪੀਐੱਮ ਨੇ ਕੋਵਿਡ-19 ਦੇ ਵੱਧ ਰਹੇ ਕੇਸਾਂ ਦੇ ਬਾਵਜੂਦ ਪੱਛਮੀ ਬੰਗਾਲ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਗਾਤਾਰ ਚੋਣ ਰੈਲੀਆਂ ਕਰਨ ’ਤੇ ਵਰ੍ਹਦਿਆਂ ਦੋਸ਼ ਲਾਇਆ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਨਹੀਂ ਸਗੋਂ ਪਾਰਟੀ ਪ੍ਰਚਾਰਕ ਦੀ ਭੂਮਿਕਾ ਨਿਭਾ ਰਹੇ ਹਨ। ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਟਵੀਟ ਕਰਕੇ ਕਿਹਾ ਕਿ ਜਦੋਂ ਲੋਕ ਬੇਕਾਬੂ ਮਹਾਮਾਰੀ ਨਾਲ ਜੂਝ ਰਹੇ ਹਨ ਤਾਂ ਦੇਸ਼ ’ਚ ਕੇਂਦਰ ਸਰਕਾਰ ਕਿਤੇ ਨਜ਼ਰ ਨਹੀਂ ਪੈਂਦੀ ਹੈ। ‘ਸਾਡੇ ਕੋਲ ਜਨਸੰਪਰਕ ਕੰਪਨੀ ਹੈ ਜਿਸ ਨੇ ਬੇਸ਼ਰਮੀ ਨਾਲ ਲੋਕਾਂ ਨੂੰ ਦੁੱਖ ਅਤੇ ਦਰਦ ’ਚ ਛੱਡ ਦਿੱਤਾ ਹੈ।’ ਉਨ੍ਹਾਂ ਕਿਹਾ ਕਿ ਮੋਦੀ ਲਈ ਪਹਿਲ ਚੋਣ ਪ੍ਰਚਾਰ ਹੈ ਅਤੇ ਜੇਕਰ ਕੁਝ ਸਮਾਂ ਬਚਦਾ ਹੈ ਤਾਂ ਉਹ ਟੀਵੀ ’ਤੇ ਤਸਵੀਰਾਂ ਅਤੇ ਸੁਰਖੀਆਂ ’ਚ ਨਜ਼ਰ ਆਉਂਦੇ ਹਨ। ਆਪਣੇ ਟਵੀਟ ’ਚ ਯੇਚੁਰੀ ਨੇ ਕਿਹਾ ਕਿ ਮੁਲਕ ਕਈ ਦਹਾਕਿਆਂ ’ਚ ਆਪਣੇ ਸਭ ਤੋਂ ਖ਼ਤਰਨਾਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਜਿਸ ਨੂੰ ਇਕ ਸਾਬਕਾ ਸੈਨਾ ਮੁਖੀ ਨੇ ਜੰਗ ਵਾਂਗ ਦੱਸਿਆ ਹੈ। ‘ਪਰ ਮੋਦੀ ਚੋਣ ਪ੍ਰਚਾਰ ’ਚ ਰੁੱਝੇ ਹੋਏ ਹਨ। ਸੂਬੇ ਦੇ ਮੁੱਖ ਮੰਤਰੀਆਂ ਲਈ ਉਹ ਉਪਲੱਬਧ ਨਹੀਂ ਹਨ ਅਤੇ ਲਾਗ ਫੈਲਾਉਣ ਵਾਲੇ ਪ੍ਰੋਗਰਾਮਾਂ ਦੀ ਸਮਾਪਤੀ ਮਗਰੋਂ ਇਕ ਬੈਠਕ ਕਰਨ ਦਾ ਦਿਖਾਵਾ ਕਰਦੇ ਹਨ।’ ਸੀਪੀਐੱਮ ਆਗੂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਕਿ ਉਹ ਪੱਛਮੀ ਬੰਗਾਲ ’ਚ ਚੋਣ ਪ੍ਰਚਾਰ ਲਈ ਵੱਡੀਆਂ ਜਨਤਕ ਰੈਲੀਆਂ ਨਹੀਂ ਕਰੇਗੀ। ਉਨ੍ਹਾਂ ਇਕ ਹੋਰ ਟਵੀਟ ’ਚ ਕਿਹਾ ਕਿ ਕਾਂਗਰਸ ਨੇ ਵੀ ਰੈਲੀਆਂ ਨਾ ਕਰਨ ਦਾ ਐਲਾਨ ਕੀਤਾ ਹੈ ਪਰ ਭਾਜਪਾ ਦੇ ਆਗੂ ਜੋ ਗ੍ਰਹਿ ਮੰਤਰੀ ਵੀ ਹਨ, ਕੋਵਿਡ-19 ਬਾਰੇ ਹਾਸੋ-ਹੀਣੀਆਂ ਅਤੇ ਅਵਿਗਿਆਨਕ ਗੱਲਾਂ ਕਰਦੇ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਉਨ੍ਹਾਂ ਦੀਆਂ ਅਤੇ ਮੋਦੀ ਦੀਆਂ ਰੈਲੀਆਂ ਭਾਰਤੀਆਂ ਦੀ ਜ਼ਿੰਦਗੀ ਤੋਂ ਜ਼ਿਆਦਾ ਅਹਿਮ ਹਨ। -ਪੀਟੀਆਈ