ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਜਲਦੀ ਹੀ ਕਰੋਨਾਵਾਇਰਸ ਕਾਰਨ ਝੰਬੀ ਆਰਥਿਕਤਾ ਨੂੰ ਉਭਾਰਨ ਲਈ ਆਰਥਿਕ ਪੈਕੇਜ ਦੀ ਅਗਲੀ ਕੜੀ ਦਾ ਐਲਾਨ ਕਰਨਗੇ। ਆਰਥਿਕ ਮਾਮਲਿਆਂ ਦੇ ਸਕੱਤਰ ਤਰੁਣ ਬਜਾਜ ਨੇ ਕਿਹਾ ਕਿ ਵਿੱਤ ਮੰਤਰਾਲਾ ਵੱਖ-ਵੱਖ ਸੈਕਟਰਾਂ ਵੱਲੋਂ ਦਿੱਤੇ ਸੁਝਾਅ ਤੇ ਬੇਨਤੀਆਂ ਵਿਚਾਰ ਰਿਹਾ ਹੈ। ਮੀਡੀਆ ਨਾਲ ਆਨਲਾਈਨ ਗੱਲਬਾਤ ਦੌਰਾਨ ਬਜਾਜ ਨੇ ਦੱਸਿਆ ਕਿ ਹਾਲੇ ਤਰੀਕ ਤਾਂ ਨਹੀਂ ਦੱਸੀ ਜਾ ਸਕਦੀ ਪਰ ਅਸੀਂ ਪੈਕੇਜ ਉਤੇ ਵਿਚਾਰ ਕਰ ਰਹੇ ਹਾਂ। ਵਿੱਤ ਮੰਤਰੀ ਵੱਲੋਂ ਜਲਦੀ ਹੀ ਇਸ ਦਾ ਐਲਾਨ ਕਰ ਦਿੱਤਾ ਜਾਵੇਗਾ। ਪਿਛਲੇ ਮਹੀਨੇ ਸੀਤਾਰਾਮਨ ਨੇ ਮੰਗ ਵਿਚ ਵਾਧਾ ਕਰਨ ਤੇ ਖ਼ਰਚ ਨੂੰ ਉਤਹਾਸ਼ਿਤ ਕਰਨ ਦੇ ਮੰਤਵ ਨਾਲ ਕਈ ਕਦਮ ਚੁੱਕਣ ਦਾ ਐਲਾਨ ਕੀਤਾ ਸੀ। ਕੋਵਿਡ-19 ਮਹਾਮਾਰੀ ਦੇ ਫੈਲਣ ਤੋਂ ਬਾਅਦ ਇਹ ਤੀਸਰਾ ਪੈਕੇਜ ਹੋਵੇਗਾ। ਖ਼ੁਰਾਕੀ ਪਦਾਰਥਾਂ ਦੀ ਵਧੀ ਮਹਿੰਗਾਈ ’ਤੇ ਬਜਾਜ ਨੇ ਕਿਹਾ ਕਿ ਇਹ ਆਰਜ਼ੀ ਹੈ ਤੇ ਸਰਕਾਰ ਨੇ ਕੀਮਤਾਂ ਹੇਠਾਂ ਲਿਆਉਣ ਲਈ ਕਦਮ ਚੁੱਕੇ ਹਨ। ਅਰਥਵਿਵਸਥਾ ਦੇ ਪਟੜੀ ਉਤੇ ਪਰਤਣ ’ਤੇ ਸਕੱਤਰ ਨੇ ਕਿਹਾ ਕਿ ਇਹ ਲਗਾਤਾਰ ਉੱਭਰ ਰਹੀ ਹੈ ਤੇ ਆਉਣ ਵਾਲੇ ਮਹੀਨਿਆਂ ਵਿਚ ਹੋਰ ਸੁਧਾਰ ਹੋਵੇਗਾ।
-ਪੀਟੀਆਈ