ਨਵੀਂ ਦਿੱਲੀ, 2 ਜੁਲਾਈ
ਕੇਂਦਰ ਨੇ ਅੱਜ ਕਰੋਨਾਵਾਇਰਸ ਦੇ ਵੱਧ ਗਿਣਤੀ ਕੇਸਾਂ ਵਾਲੇ ਛੇ ਸੂਬਿਆਂ ਕੇਰਲ, ਅਰੁਣਾਚਲ ਪ੍ਰਦੇਸ਼, ਤ੍ਰਿਪੁਰਾ, ਉੜੀਸਾ, ਛੱਤੀਸਗੜ੍ਹ ਅਤੇ ਮਣੀਪੁਰ ਵਿਚ ਬਹੁ-ਅਨੁਸ਼ਾਸਨੀ ਟੀਮਾਂ ਭੇਜੀਆਂ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਟੀਮਾਂ ਮਹਾਮਾਰੀ ਤੋਂ ਪ੍ਰਭਾਵੀ ਢੰਗ ਨਾਲ ਨਜਿੱਠਣ ਅਤੇ ਕੋਵਿਡ ਦੇ ਖ਼ਾਤਮੇ ਲਈ ਤੈਅ ਕੀਤੇ ਗਏ ਟੀਚਿਆਂ ਦੀ ਪ੍ਰਾਪਤੀ ਤੇ ਪ੍ਰਬੰਧਨ ਸਬੰਧੀ ਕੋਸ਼ਿਸ਼ਾਂ ਵਿਚ ਰਾਜਾਂ ਦੀ ਮਦਦ ਕਰਨਗੀਆਂ। ਇਨ੍ਹਾਂ ਸੂਬਿਆਂ ਵਿਚ ਭੇਜੀਆਂ ਗਈਆਂ ਉੱਚ ਪੱਧਰੀ ਟੀਮਾਂ ਵਿਚ ਇਕ ਕਲੀਨਿਸ਼ੀਅਨ ਅਤੇ ਇਕ ਜਨ ਸਿਹਤ ਮਾਹਿਰ ਸ਼ਾਮਲ ਹੈ। ਇਹ ਟੀਮਾਂ ਤੁਰੰਤ ਪ੍ਰਭਾਵ ਤੋਂ ਰਾਜਾਂ ਦਾ ਦੌਰਾ ਕਰਨਗੀਆਂ ਅਤੇ ਕੋਵਿਡ-19 ਪ੍ਰਬੰਧਨ ਦੇ ਸਮੁੱਚੇ ਲਾਗੂਕਰਨ ਦੀ ਨਿਗਰਾਨੀ ਕਰਨਗੀਆਂ, ਖ਼ਾਸ ਕਰ ਕੇ ਜਾਂਚ ਵਿਚ। ਬਿਆਨ ਵਿਚ ਦੱਸਿਆ ਗਿਆ ਕਿ ਟੀਮਾਂ ਸਥਿਤੀ ਦੀ ਨਿਗਰਾਨੀ ਕਰਨਗੀਆਂ ਤੇ ਸਬੰਧਤ ਰਾਜ ਸਰਕਾਰਾਂ ਨੂੰ ਜਨ ਸਿਹਤ ਗਤੀਵਿਧੀਆਂ ’ਤੇ ਇਲਾਜ ਉਪਾਅ ਸਬੰਧੀ ਸੁਝਾਅ ਵੀ ਦੇਣਗੀਆਂ। ਕੋਵਿਡ ਪ੍ਰਬੰਧਨ ਲਈ ਵੱਖ-ਵੱਖ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਕੋਸ਼ਿਸ਼ਾਂ ਨੂੰ ਮਜ਼ਬੂਤੀ ਦੇਣ ਲਈ ਕੇਂਦਰ ਸਰਕਾਰ ਸਮੇਂ-ਸਮੇਂ ’ਤੇ ਇਨ੍ਹਾਂ ਸੂਬਿਆਂ ਤੇ ਯੂਟੀਜ਼ ਵਿਚ ਕੇਂਦਰੀ ਟੀਮਾਂ ਨੂੰ ਤਾਇਨਾਤ ਕਰਦੀ ਹੈ। -ਪੀਟੀਆਈ