ਰਵੇਲ ਸਿੰਘ ਭਿੰਡਰ
ਪਟਿਆਲਾ, 29 ਅਕਤੂਬਰ
ਭਾਵੇਂ ਸੂਬੇ ’ਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਖ਼ਿਲਾਫ਼ ਰੋਹ ਸਿਖਰ ’ਤੇ ਹੈ ਪਰ ਇਸ ਦੇ ਬਾਵਜੂਦ ਪੰਜਾਬ ’ਚ ਸਥਾਪਤ ਅਕਾਸ਼ਵਾਣੀ ਕੇਂਦਰ ਕਾਨੂੰਨਾਂ ਦੇ ਹੱਕ ’ਚ ਪ੍ਰਚਾਰ ਮੁਹਿੰਮ ਭਖ਼ਾ ਰਹੇ ਹਨ। ਸਮਝਿਆ ਜਾ ਰਿਹਾ ਹੈ ਕਿ ਰੇਡੀਓ ਪ੍ਰਤੀ ਖਾਸ ਲਗਾਓ ਰੱਖਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਪ੍ਰਚਾਰ ਲਈ ਅਕਾਸ਼ਵਾਣੀ ਨੂੰ ਖ਼ਾਸ ਥਾਪੜਾ ਦਿੱਤਾ ਹੋਇਆ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁਲਕ ਦੇ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਦੇ ਸਿੱਧੇ ਪ੍ਰਸਾਰਣ ਸਭ ਤੋਂ ਵੱਧ ਅਕਾਸ਼ਵਾਣੀ ’ਤੇ ਰਿਲੇਅ ਹੋ ਰਹੇ ਹਨ। ਅਜਿਹੇ ਵਿੱਚ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਖੇਤੀ ਸੁਧਾਰ ਕਾਨੂੰਨਾਂ ਦਾ ਰੇਡੀਓ ’ਤੇ ਪ੍ਰਚਾਰ ਹੋਣਾ ਸੁਭਾਵਿਕ ਹੀ ਸੀ। ਭਾਵੇਂ ਅਕਾਸ਼ਵਾਣੀ ਵੱਲੋਂ ਸਰਕਾਰ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਨੂੰ ਸਰੋਤਿਆਂ ਤੱਕ ਲਿਜਾਣਾ ਇੱਕ ਮਿਸ਼ਨ ਹੈ ਪਰ ਪੰਜਾਬ ਅੰਦਰ ਵਿਵਾਦਾਂ ਵਿੱਚ ਘਿਰੇ ਖੇਤੀ ਕਾਨੂੰਨਾਂ ਸਬੰਧੀ ਅਕਾਸ਼ਵਾਣੀ ਕੇਂਦਰ ਵੱਡੇ ਪ੍ਰਚਾਰ ਵਿੱਚ ਜੁਟੇ ਹੋਣ ਦੀ ਇੱਕ ਵੱਖਰੀ ਚਰਚਾ ਛੇੜ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਖੁਦ ਕਈ ਵਾਰ ਰੇਡੀਓ ਦੇ ਸਿੱਧੇ ਪ੍ਰਸਾਰਣ ’ਤੇ ਖੇਤੀ ਸੁਧਾਰ
ਕਾਨੂੰਨਾਂ ਦੇ ਹੱਕ ਵਿੱਚ ਪ੍ਰਚਾਰ ਕੀਤਾ ਹੈ। ਚਿੰਤਕ ਕਿਸਾਨੀ ਧਿਰਾਂ ਨੇ ਕਿਹਾ ਕਿ ਅਜਿਹਾ ਕਰਕੇ ਪੰਜਾਬ ਦੇ ਅਕਾਸ਼ਵਾਣੀ ਕੇਂਦਰ ਪੰਜਾਬੀਆਂ ਦੀ ਸਹੀ ਤਰਜਮਾਨੀ ਕਰਨ ਤੋਂ ਥਿੜਕ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਠੀ ਭਰ ਲੋਕ ਹੀ ਅਜਿਹੇ ਕਾਨੂੰਨਾਂ ਨੂੰ ਖੇਤੀ ਸੁਧਾਰਕ ਮੰਨ ਰਹੇ ਹਨ, ਜਦ ਕਿ ਬਹੁ-ਗਿਣਤੀ ਧਿਰਾਂ ਇਨ੍ਹਾਂ ਕਾਲੇ ਕਾਨੂੰਨਾਂ ਖ਼ਿਲਾਫ਼ ਹਨ। ਅਜਿਹੇ ਵਿੱਚ ਰੇਡੀਓ ਦੀ ਕਥਿਤ ਇੱਕ-ਪਾਸੜ ਸੁਰ ਹੋਣ ’ਤੇ ਸਵਾਲ ਉਠਣੇ ਸੁਭਾਵਿਕ ਹਨ। ਕਿਸਾਨੀ ਸੰਘਰਸ਼ਾਂ ਵਿੱਚ ਇਹ ਗੱਲ ਵੀ ਤੁਰ ਪਈ ਹੈ ਕਿ ਪੰਜਾਬ ਦੀ ਸਰਜ਼ਮੀਨ ’ਤੇ ਰੇਡੀਓ ਜਰੀਏ ਵੀ ਕੇਂਦਰ ਵੱਲੋਂ ਹਮਲਾ ਹੋ ਰਿਹਾ ਹੈ, ਜਿਸ ਨਾਲ ਕਿਸਾਨ ਸੰਘਰਸ਼ ਨੂੰ ਢਾਹ ਲਾਉਣ ਦੀ ਲੁਕਵੀਂ ਕੋਸ਼ਿਸ਼ ਹੋ ਰਹੀ ਹੈ। ਅਜਿਹੇ ਪ੍ਰੋਗਰਾਮਾਂ ਨੂੰ ਤੁਰੰਤ ਥੰਮਣ ਦੀ ਲੋੜ ’ਤੇ ਵੀ ਮੰਥਨ ਹੋਣ ਲੱਗੇ ਹਨ। ਦੱਸਣਯੋਗ ਹੈ ਕਿ ਪੰਜਾਬ ਅੰਦਰ ਅਕਾਸ਼ਵਾਣੀ ਕੇਂਦਰਾਂ ਵਜੋਂ ਬਠਿੰਡਾ, ਲੁਧਿਆਣਾ, ਜਲੰਧਰ ਤੇ ਪਟਿਆਲਾ ਕੇਂਦਰ ਸ਼ਾਮਲ ਹਨ।
ਸੂਤਰਾਂ ਮੁਤਾਬਕ ਪੰਜਾਬ ਦੇ ਇਨ੍ਹਾਂ ਕੇਂਦਰਾਂ ਵਿੱਚ ਖੇਤੀ ਸੁਧਾਰ ਕਾਨੂੰਨਾਂ ਦੇ ਹੱਕ ’ਚ ਪ੍ਰਚਾਰ ਨੂੰ ਖਾਸ ਤਵੱਜੋ ਦਿੱਤੀ ਜਾ ਰਹੀ ਹੈ। ਕਿਸਾਨ ਆਗੂ ਗੁਰਦੀਪ ਸਿੱਧੂ ਸਮੇਤ ਹੋਰਨਾਂ ਆਗੂਆਂ ਨੇ ਕਿਹਾ ਕਿ ਸੂਬੇ ਦੇ ਰੇਡੀਓ ਪ੍ਰੋਗਰਾਮਾਂ ਵਿੱਚ ਕਾਲੇ ਖੇਤੀ ਕਾਨੂੰਨਾਂ ਨੂੰ ਕਿਸਾਨ ਹਿਤੈਸ਼ੀ ਦੱਸਦਿਆਂ ਅੰਦਰਖਾਤੇ ਵੱਡੀ ਕੋਸ਼ਿਸ਼ ਇਹ ਵੀ ਹੋ ਰਹੀ ਹੈ ਕਿ ਸੰਘਰਸ਼ ਦੇ ਰਾਹ ਪਏ ਕਿਸਾਨਾਂ ਨੂੰ ਵਿਵਾਦਿਤ ਕਾਨੂੰਨਾਂ ਤੋਂ ਕਥਿਤ ਤੌਰ ’ਤੇ ਬੇਸਮਝ ਵਜੋਂ ਵੀ ਦਰਸਾਇਆ ਜਾਵੇ ਜਦੋਂ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਕੇਂਦਰ ਦੀ ਸੱਤਾ ਧਿਰ ਨੂੰ ਛੱਡ ਕੇ ਸੂਬੇ ਦੀਆਂ ਸਾਰੀਆਂ ਰਾਜਸੀ ਧਿਰਾਂ ਤੇ ਆਮ ਲੋਕ ਵਿਰੋਧ ਵਿੱਚ ਉਤਰੇ ਹੋਏ ਹਨ।
ਆਕਾਸ਼ਵਾਣੀ ਬਠਿੰਡਾ ਕੇਂਦਰ ਦੇ ਪ੍ਰੋਗਰਾਮ ਹੈੱਡ ਰਾਜੀਵ ਅਰੋੜਾ ਨੇ ਇਸ ਗੱਲੋਂ ਇਨਕਾਰ ਕੀਤਾ ਕਿ ਰੇਡੀਓ ਕਿਸਾਨੀ ਨਾਲ ਕੋਈ ਪੱਖਪਾਤ ਕਰ ਰਿਹਾ ਹੈ। ਉਂਜ ਉਨ੍ਹਾਂ ਕਿਹਾ ਕਿ ਅਕਾਸ਼ਵਾਣੀ ਕੇਂਦਰਾਂ ਨੂੰ ਪ੍ਰੋਗਰਾਮ ਪ੍ਰਸਾਰਣਾਂ ਦਾ ਬਿਊਰਾ ਡਾਇਰੈਕਟਰ ਜਨਰਲ ਦਿੱਲੀ ਦਫ਼ਤਰ ਵੱਲੋਂ ਹੀ ਪੁੱਜਦਾ ਹੈ।