ਸ੍ਰੀਨਗਰ: ਪੀਡੀਪੀ ਮੁਖੀ ਮਹਬਿੂਬਾ ਮੁਫ਼ਤੀ ਨੇ ਜੰਮੂ ’ਚ ਨਵੇਂ ਵੋਟਰਾਂ ਦੀ ਰਜਿਸਟਰੇਸ਼ਨ ਦੇ ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਹੁਕਮਾਂ ਦੀ ਨਿਖੇਧੀ ਕਰਦਿਆਂ ਦੋਸ਼ ਲਾਇਆ ਹੈ ਕਿ ਕੇਂਦਰ ਨੇ ਖ਼ਿੱਤੇ ’ਚ ਬਸਤੀਆਂ ਵਸਾਉਣ ਦਾ ਪ੍ਰਾਜੈਕਟ ਸ਼ੁਰੂ ਕਰ ਦਿੱਤਾ ਹੈ। ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਵੱਲੋਂ ਜੰਮੂ ਕਸ਼ਮੀਰ ਨੂੰ ਧਾਰਮਿਕ ਅਤੇ ਖੇਤਰੀ ਆਧਾਰ ’ਤੇ ਵੰਡਣ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰੀ ਹੋਣ ਜਾਂ ਡੋਗਰੇ, ਸਾਰਿਆਂ ਨੂੰ ਆਪਣੀ ਪਛਾਣ ਅਤੇ ਹੱਕਾਂ ਲਈ ਰਲ ਕੇ ਲੜਨਾ ਪਵੇਗਾ। ਉਨ੍ਹਾਂ ਟਵੀਟ ਕਰਦਿਆਂ ਦੋਸ਼ ਲਾਇਆ ਕਿ ਭਾਜਪਾ ਸਭ ਤੋਂ ਪਹਿਲਾ ਝਟਕਾ ਡੋਗਰਾ ਸੱਭਿਆਚਾਰ, ਪਛਾਣ, ਰੁਜ਼ਗਾਰ ਅਤੇ ਕਾਰੋਬਾਰ ਨੂੰ ਦੇਵੇਗੀ। ਉਧਰ ਨੈਸ਼ਨਲ ਕਾਨਫਰੰਸ ਨੇ ਕਿਹਾ ਕਿ ਭਾਜਪਾ ਚੋਣਾਂ ਤੋਂ ਡਰਦੀ ਹੈ ਅਤੇ ਉਹ ਜਾਣਦੀ ਹੈ ਕਿ ਉਸ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਵੇਗਾ। ਨੈਸ਼ਨਲ ਕਾਨਫਰੰਸ ਨੇ ਇਕ ਟਵੀਟ ’ਚ ਕਿਹਾ ਕਿ ਸਰਕਾਰ ਜੰਮੂ ਕਸ਼ਮੀਰ ’ਚ 25 ਲੱਖ ਗੈਰ ਸਥਾਨਕ ਵੋਟਰਾਂ ਨੂੰ ਵੋਟਰ ਸੂਚੀ ’ਚ ਸ਼ਾਮਲ ਕਰਾਉਣ ਦੀ ਯੋਜਨਾ ਨੂੰ ਅਗਾਂਹ ਵਧਾ ਰਹੀ ਹੈ ਅਤੇ ਪਾਰਟੀ ਇਸ ਕਦਮ ਦਾ ਲਗਾਤਾਰ ਵਿਰੋਧ ਕਰਨਾ ਜਾਰੀ ਰਖੇਗੀ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਅਜਿਹੀਆਂ ਸਾਜ਼ਿਸ਼ਾਂ ਘੜਨ ਵਾਲਿਆਂ ਨੂੰ ਚੋਣ ਬਕਸਿਆਂ ਰਾਹੀਂ ਹਰਾਉਣਾ ਚਾਹੀਦਾ ਹੈ। -ਪੀਟੀਆਈ
ਨੈਸ਼ਨਲ ਕਾਨਫਰੰਸ ਅਤੇ ਪੀਡੀਪੀ ਲੋਕਾਂ ਨੂੰ ਕਰ ਰਹੀਆਂ ਨੇ ਗੁੰਮਰਾਹ: ਭਾਜਪਾ
ਜੰਮੂ: ਭਾਜਪਾ ਦੇ ਸੂਬਾ ਪ੍ਰਧਾਨ ਰਵਿੰਦਰ ਰੈਨਾ ਨੇ ਨੈਸ਼ਨਲ ਕਾਨਫਰੰਸ ਅਤੇ ਪੀਡੀਪੀ ’ਤੇ ਵਰ੍ਹਦਿਆਂ ਕਿਹਾ ਕਿ ਦੋਵੇਂ ਪਾਰਟੀਆਂ ਜੰਮੂ ਕਸ਼ਮੀਰ ’ਚ ਸੰਵਿਧਾਨਕ ਕਦਰਾਂ-ਕੀਮਤਾਂ ਖ਼ਿਲਾਫ਼ ਸਾਜ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਦੋਵੇਂ ਪਾਰਟੀਆਂ ’ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ। ਵੋਟਾਂ ਦੀ ਸੁਧਾਈ ਦੌਰਾਨ ਗ਼ੈਰ ਸਥਾਨਕ ਲੋਕਾਂ ਨੂੰ ਵੋਟਰ ਵਜੋਂ ਸ਼ਾਮਲ ਕਰਨ ਦੇ ਫ਼ੈਸਲੇ ਦਾ ਪੱਖ ਪੂਰਦਿਆਂ ਰੈਨਾ ਨੇ ਕਿਹਾ ਕਿ ਇਹ ਕੋਈ ਨਵੀਂ ਗੱਲ ਨਹੀਂ ਹੈ ਅਤੇ ਲੋਕ ਪ੍ਰਤੀਨਿਧ ਐਕਟ 1951 ਹੁਣ ਜੰਮੂ ਕਸ਼ਮੀਰ ’ਚੋਂ ਧਾਰਾ 370 ਰੱਦ ਹੋਣ ਮਗਰੋਂ ਲਾਗੂ ਹੋ ਗਿਆ ਹੈ। -ਏਐਨਆਈ