ਵਿਭਾ ਸ਼ਰਮਾ
ਨਵੀਂ ਦਿੱਲੀ, 15 ਮਈ
ਕੇਂਦਰ ਨੇ ਕਣਕ ਦੇ ਨਿਰਯਾਤ ’ਤੇ ਪਾਬੰਦੀ ਲਗਾਉਣ ਤੋਂ ਇਕ ਦਿਨ ਬਾਅਦ ਅੱਜ ਕਣਕ ਉਤਪਾਦਕ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਉਹ 31 ਮਈ ਤੱਕ ਖਰੀਦ ਜਾਰੀ ਰੱਖਣ। ਅਧਿਕਾਰੀਆਂ ਨੇ ਕਿਹਾ ਕਿ ਕੇਂਦਰੀ ਪੂਲ ਅਧੀਨ ਕਣਕ ਦੀ ਖਰੀਦ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਘੱਟ ਰਹੀ ਹੈ ਕਿਉਂਕਿ ਕਣਕ ਦੇ ਘੱਟੋ ਘੱਟ ਸਮਰਥਨ ਮੁੱਲ ਨਾਲੋਂ ਬਾਜ਼ਾਰ ਵਿਚ ਕਣਕ ਮਹਿੰਗੀ ਵੇਚੀ ਗਈ ਜਿਸ ਕਾਰਨ ਕਿਸਾਨਾਂ ਨੇ ਪ੍ਰਾਈਵੇਟ ਵਪਾਰੀਆਂ ਨੂੰ ਕਣਕ ਵੇਚਣ ਨੂੰ ਤਰਜੀਹ ਦਿੱਤੀ। ਖੁਰਾਕ ਅਤੇ ਜਨਤਕ ਵੰਡ ਅਤੇ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਐਫਸੀਆਈ ਨੂੰ ਕੇਂਦਰੀ ਪੂਲ ਤਹਿਤ ਕਣਕ ਦੀ ਖਰੀਦ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਖਰੀਦ ਦੀ ਮਿਆਦ ਵਧਾਉਣ ਨਾਲ ਕਿਸਾਨਾਂ ਨੂੰ ਲਾਭ ਹੋਣ ਦੀ ਉਮੀਦ ਹੈ। 2022-23 ਦੌਰਾਨ ਕਣਕ ਦੀ ਖਰੀਦ ਲਈ ਰਾਜਾਂ ਅਨੁਸਾਰ ਨਵੀਆਂ ਮਿਤੀਆਂ ਇਸ ਤਰ੍ਹਾਂ ਹਨ। ਪੰਜਾਬ: 31 ਮਈ, ਹਰਿਆਣਾ: 31 ਮਈ, ਉੱਤਰ ਪ੍ਰਦੇਸ਼: 15 ਜੂਨ, ਮੱਧ ਪ੍ਰਦੇਸ਼: 15 ਜੂਨ, ਬਿਹਾਰ: 15 ਜੁਲਾਈ, ਰਾਜਸਥਾਨ: 10 ਜੂਨ, ਉੱਤਰਾਖੰਡ: 30 ਜੂਨ, ਦਿੱਲੀ: 31 ਮਈ, ਗੁਜਰਾਤ: 15 ਜੂਨ, ਹਿਮਾਚਲ ਪ੍ਰਦੇਸ਼: 15 ਜੂਨ, ਜੰਮੂ-ਕਸ਼ਮੀਰ: 31 ਮਈ।