ਨਵੀਂ ਦਿੱਲੀ, 18 ਸਤੰਬਰ
ਕੈਬਨਿਟ ਸਕੱਤਰ ਰਾਜੀਵ ਗਾਬਾ ਨੇ ਅੱਜ ਕਿਹਾ ਕਿ ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਕੋਵਿਡ-19 ਦੀ ਸਥਿਤੀ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਤੇ ਜ਼ਰੂਰੀ ਦਵਾਈਆਂ ਦਾ ਭੰਡਾਰ ਰੱਖਣ ਅਤੇ ਮਨੁੱਖੀ ਸਰੋਤਾਂ ਵਿਚ ਵਾਧਾ ਕਰਨ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਆਤਮਸੰਤੁਸ਼ਟੀ ਲਈ ਕੋਈ ਜਗ੍ਹਾ ਨਹੀਂ ਹੈ। ਗਾਬਾ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਕੋਵਿਡ ਪ੍ਰਬੰਧਨ ਤੇ ਰਣਨੀਤੀ ਦੀ ਸਮੀਖਿਆ ਕਰਨ ਲਈ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿਚ ਗਾਬਾ ਨੇ ਕੋਵਿਡ ਦੀ ਰੋਕਥਾਮ ਲਈ ਬਣਾਏ ਗਏ ਨੇਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਹੋਰ ਦੇਸ਼ਾਂ ਵਿਚ ਕੋਵਿਡ-19 ਦੇ ਕਈ ਵਾਰ ਸਿਖ਼ਰ ’ਤੇ ਪਹੁੰਚਣ ਸਬੰਧੀ ਉਦਹਾਰਨ ਦਿੰਦੇ ਹੋਏ ਗਾਬਾ ਨੇ ਦੇਸ਼ ਦੇ ਕੁਝ ਹਿੱਸਿਆਂ ਵਿਚ ਲਾਗ ਦੀ ਉੱਚੀ ਪਾਜ਼ੇਟਿਵਿਟੀ ਦਰ ’ਤੇ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਮਹਾਮਾਰੀ ਦੇ ਮਾਮਲਿਆਂ ਵਿਚ ਕਿਸੇ ਵੀ ਸੰਭਾਵੀ ਵਾਧੇ ਨਾਲ ਨਿਪਟਣ ਲਈ ਸੂਬਿਆਂ ਦੇ ਸਿਹਤ ਪ੍ਰਸ਼ਾਸਕਾਂ ਨੂੰ ਜਲਦੀ ਤੋਂ ਜਲਦੀ ਕੋਵਿਡ ਗਰਾਫ਼ ਦਾ ਵਿਸ਼ਲੇਸ਼ਣ ਕਰਨ, ਸਿਹਤ ਢਾਂਚੇ ਨੂੰ ਮਜ਼ਬੂਤ ਕਰਨ, ਜ਼ਰੂਰੀ ਦਵਾਈਆਂ ਦਾ ਭੰਡਾਰ ਰੱਖਣ ਅਤੇ ਮਨੁੱਖੀ ਸਰੋਤ ਵਧਾਉਣ ਲਈ ਕਿਹਾ। ਉੱਧਰ, ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ 11 ਸੂਬਿਆਂ ਵਿਚ ਸੀਰੋਟਾਈਪ-2 ਡੇਂਗੂੂ ਸਬੰਧੀ ਚੁਣੌਤੀ ਬਾਰੇ ਦੱਸਿਆ। -ਪੀਟੀਆਈ