ਪਣਜੀ: ਗੋਆ ਵਿੱਚ ਪਿਛਲੇ ਮਹੀਨੇ ਹਰਿਆਣਾ ਦੀ ਭਾਜਪਾ ਆਗੂ ਸੋਨਾਲੀ ਫੋਗਾਟ ਦੀ ਹੋਈ ਭੇਤਭਰੀ ਮੌਤ ਦੀ ਜਾਂਚ ਲਈ ਅੱਜ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਟੀਮ ਦਿੱਲੀ ਤੋਂ ਗੋਆ ਪਹੁੰਚੀ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੀਬੀਆਈ ਦੀ ਟੀਮ ਉੱਤਰੀ ਗੋਆ ਦੇ ਅੰਜੁਨਾ ਥਾਣੇ ਅਤੇ ਮਾਮਲੇ ਨਾਲ ਸਬੰਧਤ ਹੋਰ ਥਾਵਾਂ ਦਾ ਦੌਰਾ ਕਰੇਗੀ। ਗੋਆ ਪੁਲੀਸ ਨੇ ਫੋਗਾਟ ਦੀ ਮੌਤ ਦੇ ਮਾਮਲੇ ਵਿੱਚ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਦੋ ਵਿਅਕਤੀਆਂ ਨੂੰ ਕਤਲ ਦੇ ਦੋਸ਼ ਹੇਠ ਜਦਕਿ ਤਿੰਨ ਹੋਰਾਂ ਨੂੰ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਐੱਨਡੀਪੀਐੱਸ) ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਨਾਲ ਸਬੰਧਤ ਸਾਰੇ ਦਸਤਾਵੇਜ਼ ਸੀਬੀਆਈ ਨੂੰ ਸੌਂਪੇ ਜਾਣਗੇ।
ਜ਼ਿਕਰਯੋਗ ਹੈ ਕਿ ਹਰਿਆਣਾ ਦੇ ਹਿਸਾਰ ਦੀ ਰਹਿਣ ਵਾਲੀ ਫੋਗਾਟ ਨੂੰ 22-23 ਅਗਸਤ ਦੀ ਦਰਮਿਆਨੀ ਰਾਤ ਨੂੰ ਗੋਆ ਦੇ ਇੱਕ ਹਸਪਤਾਲ ਵਿੱਚ ਲਿਆਂਦਾ ਗਿਆ ਸੀ ਤਾਂ ਉਸਦੀ ਮੌਤ ਹੋ ਚੁੱਕੀ ਸੀ। ਇਸ ਤੋਂ ਪਹਿਲਾਂ ਉਸ ਨੇ ਅੰਜੁਨਾ ਬੀਚ ’ਤੇ ਸਥਿਤ ਇੱਕ ਰੈਸਤਰਾਂ ’ਚ ਪਾਰਟੀ ਕੀਤੀ ਸੀ। -ਪੀਟੀਆਈ