ਕੋਲਕਾਤਾ: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਅੱਜ ਆਈ-ਕੋਰ ਪੋਂਜੀ ਘਪਲੇ ਵਿੱਚ ਕਥਿਤ ਸ਼ਮੂਲੀਅਤ ਸਬੰਧੀ ਪੱਛਮੀ ਬੰਗਾਲ ਦੇ ਸਨਅਤ ਮੰਤਰੀ ਪਾਰਥਾ ਚੈਟਰਜੀ ਤੋਂ ਦੋ ਘੰਟਿਆਂ ਤੱਕ ਪੁੱਛ-ਗਿੱਛ ਕੀਤੀ। ਤਿੰਨ ਮੈਂਬਰੀ ਸੀਬੀਆਈ ਟੀਮ ਨੇ ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਆਗੂ ਚੈਟਰਜੀ ਤੋਂ ਉਨ੍ਹਾਂ ਦੇ ਦਫ਼ਤਰ ਵਿੱਚ ਪੁੱਛ-ਗਿੱਛ ਕੀਤੀ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ, ‘ਮੈਂ ਜੋ ਦੱਸਣਾ ਸੀ, ਉਨ੍ਹਾਂ ਨੂੰ ਦੱਸ ਦਿੱਤਾ ਹੈ। ਮੈਨੂੰ ਆਸ ਹੈ ਕਿ ਉਹ ਮੇਰੇ ਜਵਾਬ ਤੋਂ ਸੰਤੁਸ਼ਟ ਹੋਣਗੇ।’ ਚੈਟਰਜੀ ਨੂੰ ਆਈ ਕੋਰ ਵੱਲੋਂ ਕਰਵਾਏ ਗਏ ਜਨਤਕ ਸਮਾਗਮਾਂ ਵਿੱਚ ਦੇਖਿਆ ਗਿਆ ਸੀ। ਇਸ ਕੰਪਨੀ ’ਤੇ ਲੋਕਾਂ ਨੂੰ ਨਿਵੇਸ਼ ਬਦਲੇ ਚੰਗੀ ਰਕਮ ਦੇਣ ਦਾ ਵਾਅਦਾ ਕਰਕੇ ਉਨ੍ਹਾਂ ਨੂੰ ਠੱਗਣ ਦਾ ਦੋਸ਼ ਹੈ। ਸੀਬੀਆਈ ਦੇ ਆਰਥਿਕ ਅਪਰਾਧ ਵਿੰਗ ਨੇ ਚੈਟਰਜੀ ਨੂੰ 13 ਸਤੰਬਰ ਨੂੰ ਆਪਣੇ ਅਧਿਕਾਰੀਆਂ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ। -ਪੀਟੀਆਈ