ਗੋਪੇਸ਼ਵਰ, 8 ਫਰਵਰੀ
ਮੈਗਾਸੇਸੇ ਐਵਾਰਡੀ ਚੰਡੀ ਪ੍ਰਸ਼ਾਦ ਭੱਟ(87) ਨੇ ਕਿਹਾ ਕਿ ਚਮੋਲੀ ਜ਼ਿਲ੍ਹੇ ਦੇ ਰੈਨੀ ਪਿੰਡ, ਜਿੱਥੋਂ ਕਦੇ ‘ਚਿਪਕੋ ਅੰਦੋਲਨ’ ਦਾ ਆਗਾਜ਼ ਹੋਇਆ ਸੀ, ਵਿੱਚ ਬਰਫ਼ ਦੇ ਵੱਡੇ ਤੋਦੇ ਡਿੱਗਣ ਨਾਲ ਆਇਆ ਹੜ੍ਹ ਹਿਮਾਲਿਆ ਦੇ ਵਾਤਾਵਰਨਕ ਪ੍ਰਬੰਧ ਨਾਲ ਵਿਕਾਸ ਦੇ ਨਾਂ ’ਤੇ ਹੋ ਰਹੀ ਛੇੜਛਾੜ ਨੂੰ ਰੋਕਣ ਦਾ ਇਕ ਹੋਕਾ ਹੈ।
ਚਿਪਕੋ ਅੰਦੋਲਨ ਦੇ ਆਗੂ ਤੇ ਵਾਤਾਵਰਨ ਪ੍ਰੇਮੀ ਭੱਟ ਨੇ ਕਿਹਾ ਕਿ ਰਿਸ਼ੀ ਗੰਗਾ ਜਿਹੇ ਪਣਬਿਜਲੀ ਪ੍ਰਾਜੈਕਟ, ਜਿਸ ਨੂੰ ਐਤਵਾਰ ਨੂੰ ਆਈ ਆਫ਼ਤ ਦੀ ਸਭ ਤੋਂ ਵੱਧ ਮਾਰ ਝੱਲਣੀ ਪਈ, ਨੂੰ ਵਾਤਾਵਰਨ ਨਾਲ ਜੁੜੀਆਂ ਪ੍ਰਵਾਨਗੀਆਂ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ। ਭੱਟ ਨੇ ਕਿਹਾ ਕਿ ਉਨ੍ਹਾਂ 2010 ਵਿੱਚ ਤਤਕਾਲੀਨ ਵਾਤਾਵਰਨ ਮੰਤਰੀ ਨੂੰ ਪੱਤਰ ਲਿਖ ਕੇ ਪ੍ਰਾਜੈਕਟ ਦੇ ਹਾਨੀਕਾਰਕ ਅਸਰਾਂ ਬਾਰੇ ਚਿਤਾਵਨੀ ਦਿੱਤੀ ਸੀ। ਉਨ੍ਹਾਂ ਕਿਹਾ, ‘ਜੇ ਉਦੋਂ ਮੇਰੀ ਸਲਾਹ ’ਤੇ ਗੌਰ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਇੰਨਾ ਵੱਡਾ ਜਾਨੀ ਤੇ ਮਾਲੀ ਨੁਕਸਾਨ ਨਾ ਹੁੰਦਾ। ਹਿਮਾਲਿਆ ਦੀਆਂ ਪਹਾੜੀਆਂ ਵਿੱਚ ਵਿਕਾਸ ਦੇ ਨਾਂ ’ਤੇ ਬੇਮੁਹਾਰੇ ਕੀਤੇ ਜਾ ਰਹੇ ਕਾਰਜਾਂ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ।’ ਕੌਮਾਂਤਰੀ ਗਾਂਧੀ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਭੱਟ ਨੇ ਕਿਹਾ, ‘ਸਾਨੂੰ ਅਜਿਹੀਆਂ ਸਾਰੀਆਂ ਝੀਲਾਂ ਤੇ ਗਲੇਸ਼ੀਅਰਾਂ ਦੀ ਪਛਾਣ ਕਰਨੀ ਹੋਵੇਗੀ ਤੇ ਇਨ੍ਹਾਂ ਨੂੰ ਨਕਸ਼ੇ ’ਤੇ ਵਿਖਾ ਕੇ ਇਨ੍ਹਾਂ ’ਤੇ ਬਾਜ਼ ਅੱਖ ਰੱਖਣੀ ਹੋਵੇਗੀ। ਸਥਾਨਕ ਪ੍ਰਸ਼ਾਸਨ ਤੇ ਲੋਕਾਂ ਨਾਲ ਬੁਨਿਆਦੀ ਜਾਣਕਾਰੀ ਸਾਂਝੀ ਕਰਨ ਲਈ ਇਕ ਅਸਰਦਾਰ ਚੌਖਟਾ ਵੀ ਵਿਕਸਤ ਕਰਨਾ ਹੋਵੇਗਾ।’ -ਪੀਟੀਆਈ