ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 31 ਜਨਵਰੀ
ਸਰਕਾਰ ਨੇ ਸੋਮਵਾਰ ਨੂੰ ਪੈਗਾਸਸ ਮੁੱਦੇ ’ਤੇ ਬਹਿਸ ਕਰਾਉਣ ਦੀ ਵਿਰੋਧੀ ਧਿਰ ਦੀ ਮੰਗ ਨੂੰ ਇਹ ਕਹਿੰਦਿਆ ਖਾਰਜ ਕਰ ਦਿੱਤਾ ਕਿ ਮਾਮਲਾ ਅਦਾਲਤ ਵਿੱਚ ਹੈ। ਇਸ ਲਈ ਇਸ ਮੁੱਦੇ ’ਤੇ ਹੁਣ ਵੱਖਰੇ ਤੌਰ ’ਤੇ ਚਰਚਾ ਦੀ ਲੋੜ ਨਹੀਂ ਹੈ। ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਧਿਰ ਸਮੇਤ ਖੱਬੇਪੱਖੀ ਪਾਰਟੀਆਂ ਨੇ ਨਿਊ ਯਾਰਕ ਟਾਈਮਜ਼ ਵੱਲੋਂ ਇਹ ਖੁਲਾਸਾ ਕੀਤੇ ਜਾਣ ਕਿ ਭਾਰਤ ਨੇ ਇਜ਼ਰਾਈਲ ਤੋਂ ਪੈਗਾਸਸ ਸਪਾਈਵੇਅਰ ਖਰੀਦਿਆ ਸੀ, ਬਾਅਦ ਇਸ ਮਾਮਲੇ ’ਤੇ ਚਰਚਾ ਕਰਵਾਏ ਜਾਣ ਦੀ ਮੰਗ ਕੀਤੀ ਸੀ। ਸਰਕਾਰ ਵੱਲੋਂ ਜਾਰੀ ਬਿਆਨ ਅਨੁਸਾਰ ਵਿਰੋਧੀ ਧਿਰ ਵੱਲੋਂ ਪੈਗਾਸਸ ਜਾਸੂਸੀ ਮਾਮਲੇ ’ਤੇ ਬਹਿਸ ਕਰਾਉਣ ਦੀ ਮੰਗ ’ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਮਾਮਲਾ ਸੁਪਰੀਮ ਕੋਰਟ ਵਿੱਚ ਹੈ, ਇਸ ਲਈ ਇਸ ’ਤੇ ਬਹਿਸ ਨਹੀਂ ਕਰਵਾਈ ਜਾ ਸਕਦੀ। ਪੈਗਾਸਸ ਮਾਮਲੇ ’ਤੇ ਚਰਚਾ ਦੀ ਮੰਗ ਸਰਕਾਰ ਵੱਲੋਂ ਸੱਦੀ ਸਰਬਪਾਰਟੀ ਮੀਟਿੰਗ ਵਿੱਚ ਕਾਂਗਰਸੀ ਆਗੂ ਮਲਿਕਾਰਜੁਨ ਖੜਗੇ ਅਤੇ ਅਧੀਰ ਰੰਜਨ ਚੌਧਰੀ ਨੇ ਚੁੱਕੀ। ਸਰਕਾਰ ਦੇ ਇਸ ਮਾਮਲੇ ’ਤੇ ਬਹਿਸ ਤੋਂ ਇਨਕਾਰ ਬਾਅਦ ਭਲਕ ਤੋਂ ਸ਼ੁਰੂ ਹੋ ਰਿਹਾ ਬਜਟ ਸੈਸ਼ਨ ਹੰਗਾਮਾਪੂਰਨ ਰਹਿਣ ਦੀ ਸੰਭਾਵਨਾ ਹੈ। ਸਰਬਪਾਰਟੀ ਮੀਟਿੰਗ ਵਿੱਚ ਭਾਜਪਾ ਸਮੇਤ 26 ਪਾਰਟੀਆਂ ਦੇ 38 ਆਗੂਆਂ ਨੇ ਹਿੱਸਾ ਲਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਮੀਟਿੰਗ ਵਿੱਚ ਸ਼ਾਮਲ ਪ੍ਰਤੀਨਿਧਾਂ ਨੇ ਸੰਸਦ ਦੀ ਕਾਰਵਾਈ ਵਿੱਚ ਸਹਿਯੋਗ ਦੇਣ ’ਤੇ ਸਹਿਮਤੀ ਜਤਾਈ ਹੈ।