ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 15 ਜੂਨ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ ਦੇ ਆਪਣੇ ਗੁਆਂਢੀ ਮੁਲਕ ਨੇਪਾਲ ਨਾਲ ਕੋਈ ਸਾਧਾਰਨ ਰਿਸ਼ਤੇ ਨਹੀਂ ਹਨ ਅਤੇ ਵਿਸ਼ਵ ਦੀ ਕੋਈ ਵੀ ਤਾਕਤ ਇਨ੍ਹਾਂ ਸਬੰਧਾਂ ਨੂੰ ਨਹੀਂ ਤੋੜ ਸਕਦੀ। ਸਿੰਘ ਨੇ ਕਿਹਾ ਕਿ ਜੇਕਰ ਕੁਝ ਖੇਤਰਾਂ ਨੂੰ ਲੈ ਕੇ ਨੇਪਾਲ ਦੇ ਨਾਗਰਿਕਾਂ ਨੂੰ ਕੋਈ ਗਲਤਫਹਿਮੀ ਹੈ ਤਾਂ ਇਸ ਨੂੰ ਗੱਲਬਾਤ ਰਾਹੀਂ ਦੂਰ ਕੀਤਾ ਜਾ ਸਕਦਾ ਹੈ। ਰੱਖਿਆ ਮੰਤਰੀ ਨੇ ਚੀਨ ਦੀ ਨੇਪਾਲ ਨਾਲ ਵਧਦੀ ਨੇੜਤਾ ਦੇ ਹਵਾਲੇ ਨਾਲ ਕਿਹਾ, ‘ਦੋਵਾਂ ਮੁਲਕਾਂ ’ਚ ਕੋਈ ਸਧਾਰਨ ਰਿਸ਼ਤੇ ਨਹੀਂ, ਬਲਕਿ ਇਹ ‘ਰੋਟੀ-ਬੇਟੀ ਦਾ ਰਿਸ਼ਤਾ ਹੈ।’ ਰੱਖਿਆ ਮੰਤਰੀ ਇਥੇ ਭਾਜਪਾ ਵੱਲੋਂ ਵਿਉਂਤੀ ‘ਉੱਤਰਾਖੰਡ ਜਨ ਸੰਵਾਦ’ ਵਰਚੂਅਲ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਕਾਬਿਲੇਗੌਰ ਹੈ ਕਿ ਨੇਪਾਲੀ ਸੰਸਦ ਨੇ ਸੰਵਿਧਾਨਕ ਸੋਧ ਬਿੱਲ ਰਾਹੀਂ ਦੇਸ਼ ਨੇ ਨਵੇਂ ਨਕਸ਼ੇ ਨੂੰ ਪ੍ਰਵਾਨਗੀ ਦਿੱਤੀ ਸੀ, ਜਿਸ ਵਿੱਚ ਕਾਲਾਪਾਣੀ, ਲਿਪੂਲੇਖ ਤੇ ਧਾਰਚੂਲਾ ਖੇਤਰਾਂ ਨੂੰ ਨੇਪਾਲ ਦੇ ਹਿੱਸੇ ਵਜੋਂ ਵਿਖਾਇਆ ਗਿਆ ਹੈ। ਸਿੰਘ ਨੇ ਕਿਹਾ ਕਿ ‘ਭਾਰਤ ਤੇ ਨੇਪਾਲ ਦਾ ਸਮਾਜਿਕ, ਸਭਿਆਚਾਰਕ ਤੇ ਭੂਗੋਲਿਕ ਰਿਸ਼ਤਾ ਹੀ ਨਹੀਂ ਬਲਕਿ ਰੂਹਾਨੀ ਰਿਸ਼ਤਾ ਹੈ।