ਗੁਣਾ (ਮੱਧ ਪ੍ਰਦੇਸ਼), 16 ਫਰਵਰੀ
ਗੁਣਾ ਜ਼ਿਲ੍ਹੇ ਵਿੱਚ ਇੱਕ ਆਦੀਵਾਸੀ ਔਰਤ ਨੂੰ ਉਸਦੇ ਛੱਡੇ ਹੋਏ ਪਤੀ ਅਤੇ ਸਹੁਰਾ ਪਰਿਵਾਰ ਵੱਲੋਂ ਇੱਕ ਨਾਬਾਲਗ ਲੜਕੇ ਨੂੰ ਉਸ ਦੇ ਮੋਢਿਆਂ ’ਤੇ ਬਿਠਾ ਕੇ ਤਿੰਨ ਕਿਲੋਮੀਟਰ ਤੱਕ ਪੈਦਲ ਚੱਲਣ ਲਈ ਮਜਬੂਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਮੁਲਜ਼ਮ ਔਰਤ ਦੀ ਕੁੱਟਮਾਰ ਵੀ ਕਰਦੇ ਰਹੇ। ਐੱਸਪੀ ਰਾਜੇਸ਼ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਪਿੰਡ ਸਨਾਈ ਵਿੱਚ ਵਾਪਰੀ ਇਸ ਘਟਨਾ ਦੇ ਸਬੰਧ ’ਚ ਹੁਣ ਤੱਕ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਤਿੰਨ ਫ਼ਰਾਰ ਹਨ। ਇਹ ਘਟਨਾ 9 ਫਰਵਰੀ ਨੂੰ ਵਾਪਰੀ ਸੀ ਅਤੇ ਇਸ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਬਾਰੇ ਪਤਾ ਲੱਗਾ। ਇਸ ਵੀਡੀਓ ’ਚ ਇੱਕ ਔਰਤ ਆਪਣੇ ਮੋਢਿਆਂ ’ਤੇ ਇੱਕ ਨਾਬਾਲਿਗ ਲੜਕੇ ਨੂੰ ਬਿਠਾ ਕੇ ਨੰਗੇ ਪੈਰ ਚੱਲਦੀ ਵਿਖਾਈ ਦੇ ਰਹੀ ਹੈ ਤੇ ਇਸ ਦੌਰਾਨ ਕੁਝ ਵਿਅਕਤੀ ਉਸ ਦੀ ਲਾਠੀਆਂ ਤੇ ਕ੍ਰਿਕਟ ਦੇ ਬੱਲਿਆਂ ਨਾਲ ਕੁੱਟਮਾਰ ਕਰਦੇ ਵਿਖਾਈ ਦੇ ਰਹੇ ਹਨ। -ਪੀਟੀਆਈ