ਨਵੀਂ ਦਿੱਲੀ, 9 ਸਤੰਬਰ
ਪੱਛਮੀ ਦਿੱਲੀ ਦੇ ਮੋਤੀ ਨਗਰ ਵਿੱਚ ਅੱਜ ਫਲੈਟ ਵਿੱਚੋਂ ਜੰਮੂ ਤੇ ਕਸ਼ਮੀਰ ਵਿਧਾਨ ਸਭਾ ਕੌਂਸਲ ਦੇ ਸਾਬਕਾ ਮੈਂਬਰ ਤੇ ਨੈਸ਼ਨਲ ਕਾਨਫਰੰਸ ਦੇ ਆਗੂ ਤ੍ਰਿਲੋਚਨ ਸਿੰਘ ਵਜ਼ੀਰ ਮ੍ਰਿਤਕ ਹਾਲਤ ਵਿੱਚ ਮਿਲੇ। ਇਹ ਜਾਣਕਾਰੀ ਪੁਲੀਸ ਨੇ ਅੱਜ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ।
ਪੁਲੀਸ ਨੇ ਦੱਸਿਆ ਕਿ 67 ਸਾਲਾਂ ਵਜ਼ੀਰ ਦੀ ਲਾਸ਼ ਬਸਾਈ ਦਾਰਾਪੁਰ ਇਲਾਕੇ ਵਿੱਚ ਉਸ ਦੇ ਵਾਕਫ਼ ਹਰਪ੍ਰੀਤ ਸਿੰਘ ਦੇ ਕਿਰਾਏ ਦੇ ਫਲੈਟ ਵਿੱਚ ਬਾਥਰੂਮ ਵਿੱਚ ਪਈ ਸੀ। ਵਜ਼ੀਰ ਹਾਲ ਹੀ ਵਿੱਚ ਦਿੱਲੀ ਆਏ ਸਨ ਅਤੇ ਉਦੋਂ ਤੋਂ ਹੀ ਸਿੰਘ ਨਾਲ ਰਹਿ ਰਹੇ ਸਨ। ਪੁਲੀਸ ਨੇ ਦੱਸਿਆ ਕਿ ਫ਼ਰਾਰ ਹੋਏ ਸਿੰਘ ਦੀ ਭਾਲ ਲਈ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਜੰਮੂ ਵਾਸੀ ਵਜ਼ੀਰ ਨੇ 2 ਸਤੰਬਰ ਨੂੰ ਕੈਨੇਡਾ ਦੀ ਉਡਾਣ ਭਰਨੀ ਸੀ। ਜਦੋਂ ਕੁਝ ਦਿਨਾਂ ਤੱਕ ਉਨ੍ਹਾਂ ਦਾ ਕੋਈ ਥਹੁ ਪਤਾ ਨਾ ਲੱਗਿਆ ਤਾਂ ਉਨ੍ਹਾਂ ਦੇ ਪਰਿਵਾਰ ਨੇ ਇਸ ਦੀ ਸੂਚਨਾ ਜੰਮੂ ਪੁਲੀਸ ਨੂੰ ਦਿੱਤੀ। ਜੰਮੂ ਪੁਲੀਸ ਨੇ ਦਿੱਲੀ ਪੁਲੀਸ ਤੱਕ ਪਹੁੰਚ ਕੀਤੀ।
ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਨੂੰ ਪੀਸੀਆਰ ’ਤੇ ਫੋਨ ਕਰਕੇ ਕਿਸੇ ਨੇ ਮੋਤੀ ਨਗਰ ਦੇ ਇਕ ਫਲੈਟ ਵਿੱਚੋਂ ਮੁਸ਼ਕ ਆਉਣ ਦੀ ਜਾਣਕਾਰੀ ਦਿੱਤੀ ਜਿਸ ਤੋਂ ਭੇਤ ਖੁੱਲ੍ਹਿਆ। ਨੈਸ਼ਨਲ ਕਾਨਫਰੰਸ ਆਗੂ ਉਮਰ ਅਬਦੁੱਲ੍ਹਾ ਨੇ ਵਜ਼ੀਰ ਦੇ ਦੇਹਾਂਤ ’ਤੇ ਦੁੱਖ ਤੇ ਹੈਰਾਨੀ ਜ਼ਾਹਰ ਕੀਤੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰ ਕੇ ਆਪਣੇ ਮਿੱਤਰ ਦੀ ਮੌਤ ’ਤੇ ਡੂੰਘਾ ਦੁੱਖ ਜ਼ਾਹਰ ਕੀਤਾ। -ਪੀਟੀਆਈ