ਕੋਲਕਾਤਾ, 6 ਮਈ
ਉੱਤਰੀ ਕੋਲਕਾਤਾ ਵਿੱਚ ਕਾਸ਼ੀਪੁਰ ਇਲਾਕੇ ਦੇ ਘੋਸ਼ ਬਗਾਨ ਖੇਤਰ ਦੇ ਉਜਾੜ ਘਰ ’ਚੋਂ ਭਾਜਪਾ ਯੁਵਾ ਮੋਰਚਾ ਦੇ ਆਗੂ ਦੀ ਲਾਸ਼ ਲਟਕਦੀ ਮਿਲੀ ਹੈ। ਆਗੂ ਦੀ ਪਛਾਣ ਅਰਜੁਨ ਚੌਰਸੀਆ ਵਜੋਂ ਦੱਸੀ ਗਈ ਹੈ। ਭਾਜਪਾ ਨੇ ਦੋਸ਼ ਲਾਇਆ ਹੈ ਕਿ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਭਾਜਪਾ ਆਗੂ ਦੀ ਹੱਤਿਆ ਕੀਤੀ ਹੈ। ਟੀਐੱਮਸੀ ਨੇ ਹਾਲਾਂਕਿ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਚੌਰਸੀਆ ਦੇ ਘਰ ਗਏ ਤੇ ਉਨ੍ਹਾਂ ਇਸ ਪੂਰੇ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ। ਸ਼ਾਹ ਨੇ ਕਿਹਾ ਕਿ ਬੰਗਾਲ ਵਿੱਚ ਹਿੰਸਾ ਅਤੇ ਡਰ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਟੀਐੱਮਸੀ ਨੇ ਲੰਘੇ ਦਿਨ ਆਪਣੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਸਾਲ ਪੂਰਾ ਕੀਤਾ ਸੀ ਤੇ ਹੁਣ ਭਾਜਪਾ ਵਰਕਰ ਦੇ ‘ਕਤਲ’ ਦਾ ਕੇਸ ਸਾਹਮਣੇ ਆਇਆ ਹੈ। ਸ਼ਾਹ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਚੌਰਸੀਆ ਦੀ ਮੌਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਰਿਪੋਰਟ ਮੰਗ ਲਈ ਹੈ।
ਬੰਗਾਲ ਭਾਜਪਾ ਦੇ ਤਰਜਮਾਨ ਸਾਮਿਕ ਭੱਟਾਚਾਰੀਆ ਨੇ ਕਿਹਾ, ‘‘ਉਹ ਬੜਾ ਲਾਇਕ ਪਾਰਟੀ ਵਰਕਰ ਸੀ। ਅੱਜ ਸਵੇਰੇ ਸਾਨੂੰ ਉਸ ਦੀ ਲਾਸ਼ ਮਿਲੀ ਹੈ। ਉਹ ਬਾਈਕ ਰੈਲੀ ਵਿੱਚ ਸ਼ਾਮਲ ਹੋਣ ਲਈ ਗਿਆ ਸੀ, ਜੋ ਅਮਿਤ ਸ਼ਾਹ ਜੀ ਦੇ ਸਵਾਗਤ ਲਈ ਕੋਲਕਾਤਾ ਹਵਾਈ ਅੱਡੇ ਤੋਂ ਕੱਢੀ ਜਾਣੀ ਸੀ।’’ ਭੱਟਾਚਾਰੀਆ ਨੇ ਕਿਹਾ ਕਿ ਸ੍ਰੀ ਸ਼ਾਹ ਨੂੰ ਜਦੋਂ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇਤਾਜੀ ਸੁਭਾਸ਼ ਚੰਦਰ ਬੋਸ ਹਵਾਈ ਅੱਡੇ ’ਤੇ ਰੱਖੇ ਸਵਾਗਤੀ ਸਮਾਗਮ ਨੂੰ ਰੱਦ ਕਰਨ ਲਈ ਕਿਹਾ। ਕੇਂਦਰੀ ਗ੍ਰਹਿ ਮੰਤਰੀ ਆਪਣੀ ਦੋ ਰੋਜ਼ਾ ਫੇਰੀ ਦੇ ਦੂਜੇ ਪੜਾਅ ਤਹਿਤ ਉੱਤਰੀ ਬੰਗਾਲ ਤੋਂ ਇਥੇ ਪੁੱਜੇ ਸਨ।
ਸਥਾਨਕ ਟੀਐੱਮਸੀ ਵਿਧਾਇਕ ਅਤਿਨ ਘੋਸ਼ ਨੇ ਸ਼ਾਹ ਦੀ ਫੇਰੀ ਤੋਂ ਪਹਿਲਾਂ ਲਾਸ਼ ਮਿਲਣ ਵਾਲੀ ਥਾਂ ਦਾ ਦੌਰਾ ਕਰਨ ਮਗਰੋਂ ਦਾਅਵਾ ਕੀਤਾ ਕਿ ਚੌਰਸੀਆ ਪਾਰਟੀ ਨਾਲ ਜੁੜਿਆ ਹੋਇਆ ਸੀ ਤੇ ਉਸ ਨੇ ਹਾਲੀਆ ਕੋਲਕਾਤਾ ਨਿਗਮ ਚੋਣਾਂ ਵਿੱਚ ਤ੍ਰਿਣਮੂਲ ਕਾਂਗਰਸ ਲਈ ਚੋਣ ਪ੍ਰਚਾਰ ਵੀ ਕੀਤਾ ਸੀ, ਜਿਸ ਕਰਕੇ ਸਥਾਨਕ ਭਾਜਪਾ ਦਾ ਇਕ ਵਰਗ ਉਸ ਤੋਂ ਨਾਰਾਜ਼ ਸੀ। ਪਾਰਟੀ ਦੇ ਸੰਸਦ ਮੈਂਬਰ ਸ਼ਾਂਤਨੂ ਸੇਨ ਨੇ ਕਿਹਾ, ‘‘ਸਾਡੇ ’ਤੇ ਲਾਏ ਦੋਸ਼ ਬੇਬੁਨਿਆਦ ਹਨ। ਪੁਲੀਸ ਨੂੰ ਇਸ ਪੂਰੇ ਮਾਮਲੇ ਦੀ ਜਾਂਚ ਕਰਨ ਦਿੱਤੀ ਜਾਵੇ।’’ ਟੀਐੱਮਸੀ ਦੇ ਸੂਬਾਈ ਜਨਰਲ ਸਕੱਤਰ ਕੁਨਾਲ ਘੋਸ਼ ਨੇ ਕਿਹਾ ਕਿ ਭਗਵਾਂ ਕੈਂਪ ਵਿੱਚ ਚੱਲ ਰਹੀ ਖਾਨਾਜੰਗੀ ਕਰਕੇ ਅਮਿਤ ਸ਼ਾਹ ਦੀ ਫੇਰੀ ਤੋਂ ਪਹਿਲਾਂ ਕੋਈ ਮੁੱਦਾ ਖੜ੍ਹਾ ਕਰਨ ਲਈ ਕਿਤੇ ਇਹ ਖ਼ੁਦਕੁਸ਼ੀ ਜਾਂ ਹੱਤਿਆ ਦਾ ਕੇਸ ਤਾਂ ਨਹੀਂ।
ਇਸ ਦੌਰਾਨ ਪੁਲੀਸ ਨੇ ਕਿਹਾ ਕਿ ਉਸ ਨੇ ਘਟਨਾ ਦੀ ਜਾਂਚ ਆਰੰਭ ਦਿੱਤੀ ਹੈ। ਪੁਲੀਸ ਨੇ ਮੌਕੇ ਤੋਂ ਚੌਰਸੀਆ ਦੀ ਲਾਸ਼ ਲਿਜਾਣ ਦੀ ਕੋੋਸ਼ਿਸ਼ ਕੀਤੀ ਤਾਂ ਭਾਜਪਾ ਕਾਰਕੁਨਾਂ ਨੇ ਪ੍ਰਦਰਸ਼ਨ ਕੀਤਾ। ਸਿੱਖਿਆ ਮੰਤਰਾਲੇ ’ਚ ਰਾਜ ਮੰਤਰੀ ਸੁਭਾਸ਼ ਸਿਰਕਾਰ ਨੇ ਕਿਹਾ, ‘‘ਭਾਜਪਾ ਵਰਕਰ ਦੀ ਬੇਰਹਿਮੀ ਨਾਲ ਹੱਤਿਆ ਸ਼ਰਮਨਾਕ ਹੈ ਤੇ ਉਹ ਵੀ ਉਦੋਂ ਜਦੋਂ ਕੇਂਦਰੀ ਗ੍ਰਹਿ ਮੰਤਰੀ ਸੂਬੇ ਦੀ ਫੇਰੀ ’ਤੇ ਹਨ।’’ -ਪੀਟੀਆਈ
ਸ਼ਾਹ ਵੱਲੋਂ ਭਾਰਤ-ਬੰਗਲਾਦੇਸ਼ ਸਰਹੱਦ ਨਾਲ ਤੀਨ ਬੀਘਾ ਲਾਂਘੇ ਦਾ ਦੌਰਾ
ਕੂਚਬਿਹਾਰ(ਪੱਛਮੀ ਬੰਗਾਲ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇਥੇ ਪੱਛਮੀ ਬੰਗਾਲ ਦੇ ਕੂਚਬਿਹਾਰ ਜ਼ਿਲ੍ਹੇ ਵਿੱਚ ਭਾਰਤ-ਬੰਗਲਾਦੇਸ਼ ਸਰਹੱਦ ਦੇ ਨਾਲ ਤੀਨ ਬੀਘਾ ਲਾਂਘੇ ਦਾ ਦੌਰਾ ਕੀਤਾ। ਸ਼ਾਹ ਵੱਖ ਵੱਖ ਸੁਰੱਖਿਆ ਮੁੱਦਿਆਂ ਨੂੰ ਲੈ ਕੇ ਬੀਐੱਸਐੱਫ ਅਧਿਕਾਰੀਆਂ ਦੇ ਵੀ ਰੂਬਰੂ ਹੋਏ। ਉਨ੍ਹਾਂ ਜੀਕਾਬਾੜੀ ਸਰਹੱਦੀ ਚੌਕੀ ’ਤੇ ਕੁਝ ਸਮਾਂ ਬੀਐੱਸਐੱਫ ਜਵਾਨਾਂ ਨਾਲ ਗੁਜ਼ਾਰਿਆ ਤੇ ਉਨ੍ਹਾਂ ਦੇ ਤਜਰਬੇ ਜਾਣੇ। -ਪੀਟੀਆਈ