ਪੱਤਰ ਪ੍ਰੇਰਕ
ਅਟਾਰੀ, 12 ਸਤੰਬਰ
ਅਫ਼ਗਾਨਿਸਤਾਨ ਤੋਂ ਇਲਾਜ ਕਰਵਾਉਣ ਲਈ ਭਾਰਤ ਆਏ ਤਿੰਨ ਨਾਗਰਿਕਾਂ ਦੀ ਵੱਖ-ਵੱਖ ਹਸਪਤਾਲਾਂ ਵਿੱਚ ਮੌਤ ਹੋਣ ਮਗਰੋਂ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਅਟਾਰੀ-ਵਾਹਗਾ ਸਰਹੱਦ ਰਸਤਿਓਂ ਅਫ਼ਗਾਨਿਸਤਾਨ ਭੇਜੀਆਂ ਗਈਆਂ ਹਨ। ਮਿਲੀ ਜਾਣਕਾਰੀ ਅਨੁਸਾਰ ਬੀਬੀ ਨਸਰੀਨ ਸ਼ੈਰਜੇ (56) ਅਤੇ ਬੀਬੀ ਆਇਸ਼ਾ ਨਜਾਰੀ (53) ਵਾਸੀ ਕਾਬੁਲ ਦੀ ਨਵੀਂ ਦਿੱਲੀ ਦੇ ਅਪੋਲੋ ਹਸਪਤਾਲ ਜਦਕਿ ਮੁਹੰਮਦ ਇਕਬਾਲ ਗੁਲਾਬ (23) ਵਾਸੀ ਕਾਬੁਲ ਦੀ ਗੁੜਗਾਓਂ ਦੇ ਮੇਦਾਂਤਾ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ ਸੀ। ਇਨ੍ਹਾਂ ਦੀਆਂ ਮ੍ਰਿਤਕ ਦੇਹਾਂ ਐਂਬੂਲੈਂਸ ਰਾਹੀਂ ਅਟਾਰੀ ਸਰਹੱਦ ’ਤੇ ਲਿਆਂਦੀਆਂ ਗਈਆਂ ਜਿੱਥੇ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਮਗਰੋਂ ਅਟਾਰੀ-ਵਾਹਗਾ ਸਰਹੱਦ ’ਤੇ ਪਾਕਿਸਤਾਨੀ ਰੇਂਜਰ ਅਧਿਕਾਰੀ ਹਵਾਲੇ ਕੀਤੀਆਂ ਗਈਆਂ। ਇੱਥੋਂ ਉਨ੍ਹਾਂ ਦੇ ਵਾਰਸ ਮ੍ਰਿਤਕ ਦੇਹਾਂ ਲੈ ਕੇ ਅਫ਼ਗਾਨਿਸਤਾਨ ਲਈ ਰਵਾਨਾ ਹੋਏ।