ਚੰਡੀਗੜ੍ਹ, 27 ਨਵੰਬਰ
ਹਰਿਆਣਾ ਦੇ ਪਿੰਡ ਪਿਪਰੌਲੀ ’ਚ ਅੱਜ ਚਾਰ ਭੈਣਾਂ ਦੀਆਂ ਲਾਸ਼ਾਂ ਮਿਲੀਆਂ ਹਨ। ਇੱਕ ਤੋਂ ਸੱਤ ਸਾਲ ਦੀ ਉਮਰ ਦੀਆਂ ਇਨ੍ਹਾਂ ਚਾਰਾਂ ਬੱਚੀਆਂ ਦੇ ਗਲੇ ਕੱਟੇ ਹੋਏ ਸਨ। ਪੁਲੀਸ ਨੇ ਇਸ ਮਾਮਲੇ ’ਚ ਬੱਚੀਆਂ ਦੀ ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਨਹਾਨਾ ਥਾਣੇ ਦੇ ਐੱਸਐੱਚਓ ਸਮਰਜੀਤ ਨੇ ਫੋਨ ’ਤੇ ਦੱਸਿਆ ਕਿ ਇਹ ਘਟਨਾ ਜ਼ਿਲ੍ਹਾ ਨੂਹ ਦੇ ਪਿੰਡ ਪਿਪਰੌਲੀ ਵਿੱਚ ਵਾਪਰੀ। ਪੁਲੀਸ ਨੇ ਮ੍ਰਿਤਕ ਬੱਚੀਆਂ ਦੇ ਪਿਤਾ ਖੁਰਸ਼ੀਦ ਦੀ ਸ਼ਿਕਾਇਤ ਦੇ ਆਧਾਰ ’ਤੇ ਮਾਂ ਫਰਮੀਨਾ, ਜੋ ਕਿ ਗੰਭੀਰ ਜ਼ਖ਼ਮੀ ਹਾਲਤ ’ਚ ਮਿਲੀ ਤੇ ਆਈਸੀਯੂ ’ਚ ਦਾਖ਼ਲ ਹੈ, ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸੇ ਦੌਰਾਨ ਐੱਸਪੀ ਨਰੇਂਦਰ ਬਿਜਾਰਨੀਆ ਦੀ ਅਗਵਾਈ ਹੇਠ ਪੁਲੀਸ ਟੀਮ ਵੱਲੋਂ ਗੁਆਂਢੀਆਂ ਅਤੇ ਮ੍ਰਿਤਕ ਬੱਚੀਆਂ ਦੇ ਪਿਤਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਫੌਰੈਂਸਿਕ ਟੀਮ ਵੀ ਮੌਕੇ ’ਤੇ ਪਹੁੰਚ ਚੁੱਕੀ ਹੈ। ਬੱਚੀਆਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ। ਐੱਸਐੱਚਓ ਨੇ ਦੱਸਿਆ ਇਹ ਮੰਨਿਆ ਜਾ ਰਿਹਾ ਹੈ ਕਿ ਬੱਚੀਆਂ ਦੀ ਮਾਂ ਨੇ ਉਨ੍ਹਾਂ ਦਾ ਕਥਿਤ ਕਤਲ ਕਰਨ ਮਗਰੋਂ ਆਪਣਾ ਵੀ ਗਲਾ ਕੱਟਣ ਦੀ ਕੋਸ਼ਿਸ਼ ਕੀਤੀ। -ਪੀਟੀਆਈ