ਮੁੰਬਈ, 3 ਫਰਵਰੀ
ਬਿਰਹਾਨ ਮੁੰਬਈ ਮਿਉਂਸਿਪਲ ਕਾਰਪੋਰੇਸ਼ਨ ਦੇ ਸੀਨੀਅਰ ਅਧਿਕਾਰੀ ਨੇ ਮੀਟਿੰਗ ਦੌਰਾਨ ਗਲਤੀ ਨਾਲ ਪਾਣੀ ਦੀ ਥਾਂ ਸੈਨੇਟਾਈਜ਼ਰ ਪੀ ਲਿਆ। ਜਿਵੇਂ ਹੀ ਉਨ੍ਹਾਂ ਨੂੰ ਗਲਤੀ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਨੇ ਸੈਨੇਟਾਈਜ਼ਰ ਹਾਲ ਤੋਂ ਬਾਹਰ ਜਾ ਕੇ ਥੁੱਕ ਦਿੱਤਾ। ਇਹ ਘਟਨਾ ਤਿੰਨ ਦਿਨ ਪਹਿਲਾਂ ਪਲਸ ਪੋਲੀਓ ਮੁਹਿੰਮ ਦੌਰਾਨ 12 ਬੱਚਿਆਂ ਨੂੰ ਪੋਲੀਓ ਦੀ ਦਵਾਈ ਦੀ ਥਾਂ ਗਲਤੀ ਨਾਲ ਸੈਨੇਟਾਈਜ਼ਰ ਪਿਲਾਉਣ ਦੇ ਤਿੰਨ ਦਿਨਾਂ ਬਾਅਦ ਵਾਪਰੀ ਹੈ।
ਜਾਣਕਾਰੀ ਅਨੁਸਾਰ ਬੀਐਮਸੀ ਦੇ ਅਸਿਸਟੈਂਟ ਮਿਉਂਸਿਪਲ ਕਮਿਸ਼ਨਰ ਰਮੇਸ਼ ਪਵਾਰ ਹੋਰਨਾਂ ਅਧਿਕਾਰੀਆਂ ਨਾਲ ਸਿੱਖਿਆ ਲਈ ਈ-ਬਜਟ ਪੇਸ਼ ਰਹੇ ਸਨ ਕਿ ਇਸੇ ਦੌਰਾਨ ਉਨ੍ਹਾਂ ਨੇ ਟੇਬਲ ’ਤੇ ਰੱਖੀ ਬੋਤਲ ਤੋਂ ਸੈਨੇਟਾਈਜ਼ਰ ਦਾ ਘੁੱਟ ਭਰ ਲਿਆ। ਬੀਐਮਸੀ ਅਧਿਕਾਰੀਆਂ ਅਨੁਸਾਰ ਪਵਾਰ ਨੂੰ ਤੁਰਤ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਉਹ ਉਠ ਕੇ ਹਾਲ ਵਿਚੋਂ ਬਾਹਰ ਗਏ, ਸੈਨੇਟਾਈਜ਼ਰ ਥੁੱਕਿਆ ਤੇ ਪਾਣੀ ਨਾਲ ਗਰਾਰੇ ਕੀਤੇ। ਉਹ ਕੁਝ ਮਿੰਟਾਂ ਬਾਅਦ ਮੁੜ ਹਾਲ ਵਿੱਚ ਆਏ ਤੇ ਸਾਲ 2021-22 ਲਈ 2945.78 ਕਰੋੜ ਦੇ ਸਿੱਖਿਆ ਬਜਟ ਦਾ ਖਾਕਾ ਪੇਸ਼ ਕੀਤਾ। ਅਧਿਕਾਰੀਆਂ ਅਨੁਸਾਰ ਉਨ੍ਹਾਂ ਨੇ ਸੈਨੇਟਾਈਜ਼ਰ ਇਸ ਲਈ ਪੀ ਲਿਆ ਹੋਵੇਗਾ ਕਿਉਂਕਿ ਪਾਣੀ ਦੀ ਬੋਤਲ ਅਤੇ ਸੈਨੇਟਾਈਜ਼ਰ ਦੀ ਬੋਤਲ ਦਾ ਸਾਈਜ਼ ਇਕੋ ਜਿਹਾ ਸੀ ਜਿਸ ਕਾਰਨ ਇਹ ਗਲਤੀ ਹੋ ਗਈ। ਬਾਅਦ ਵਿੱਚ ਘਟਨਾ ਦੀ ਵੀਡੀਓ ਵੀ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ, ਜਿਸ ਵਿੱਚ ਅਧਿਕਾਰੀ ਨੂੰ ਬੋਤਲ ਦਾ ਢੱਕਣ ਖੋਲ੍ਹ ਕੇ ਸੈਨੇਟਾਈਜ਼ਰ ਦਾ ਘੁੱਟ ਭਰਦਿਆਂ ਦੇਖਿਆ ਜਾ ਸਕਦਾ ਹੈ। -ਏਜੰਸੀ