ਨਵੀਂ ਦਿੱਲੀ, 16 ਨਵੰਬਰ
ਭਾਜਪਾ ਨੇ ਜੰਮੂ ਕਸ਼ਮੀਰ ਦੀਆਂ ਵਿਰੋਧੀ ਧਿਰਾਂ ਉਤੇ ਨਿਸ਼ਾਨਾ ਸੇਧਦਿਆਂ ਅੱਜ ਕਿਹਾ ਕਿ ਕਈ ਮੁੱਦਿਆਂ ’ਤੇ ਪਾਰਟੀਆਂ ਦਾ ਰੁਖ਼ ਬਿਲਕੁਲ ਪਾਕਿਸਤਾਨ ਵਰਗਾ ਹੈ। ਭਾਜਪਾ ਨੇ ਕਿਹਾ ਕਿ ਧਾਰਾ 370 ਦੀ ਬਹਾਲੀ ਜਿਹੇ ਕਈ ਮੁੱਦਿਆਂ ’ਤੇ ਪਾਰਟੀਆਂ ਪਾਕਿਸਤਾਨ ਵਾਂਗ ਬੋਲ ਰਹੀਆਂ ਹਨ। ਇਸ ਦੇ ਨਾਲ ਹੀ ਪਾਰਟੀ ਨੇ ਸਵਾਲ ਕੀਤਾ ਕਿ ਕੀ ਕਾਂਗਰਸ ਵੀ ਨੈਸ਼ਨਲ ਕਾਨਫਰੰਸ ਤੇ ਪੀਡੀਪੀ ਦੇ ‘ਦੇਸ਼ ਵਿਰੋਧੀ’ ਵਿਚਾਰਾਂ ਨਾਲ ਸਹਿਮਤ ਹੈ ਕਿਉਂਕਿ ਇਹ ਜੰਮੂ ਕਸ਼ਮੀਰ ਦੀਆਂ ਇਨ੍ਹਾਂ ਧਿਰਾਂ ਦੀ ਹਮਾਇਤ ਕਰ ਰਹੀ ਹੈ। ਮੀਡੀਆ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਭਾਜਪਾ ਆਗੂ ਤੇ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਈ ਲੋਕ ਪੱਖੀ ਕੇਂਦਰੀ ਕਾਨੂੰਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ 2019 ਵਿਚ ਵਿਸ਼ੇਸ਼ ਦਰਜਾ ਹਟਾਉਣ ਤੋਂ ਬਾਅਦ ਲਾਗੂ ਕੀਤੇ ਗਏ ਹਨ। ਭਾਜਪਾ ਨੇ ਕਾਂਗਰਸ ਨੂੰ ਸਵਾਲ ਕੀਤਾ ਕਿ ‘ਕੀ ਕਾਂਗਰਸ ਧਾਰਾ 370 ਨੂੰ ਮੁੜ ਲਾਗੂ ਕਰਨ ਦੀ ਹਮਾਇਤ ਕਰਦੀ ਹੈ?’ ਪ੍ਰਸਾਦ ਨੇ ਕਿਹਾ ‘ਕੀ ਕਾਂਗਰਸ ਪ੍ਰਧਾਨ ਸੋਨੀਆ ਤੇ ਰਾਹੁਲ ਗਾਂਧੀ ਧਾਰਾ 370 ਦੀ ਬਹਾਲੀ ਚਾਹੁੰਦੇ ਹਨ, ਇਸ ਬਾਰੇ ਮੁਲਕ ਨੂੰ ਸਪੱਸ਼ਟ ਦੱਸਿਆ ਜਾਵੇ। ਇਹ ਵੀ ਦੱਸਿਆ ਜਾਵੇ ਕਿ ਕੀ ਕਾਂਗਰਸ ਲੋਕ ਪੱਖੀ ਕਾਨੂੰਨਾਂ ਨੂੰ ਰੱਦ ਕਰਨ ਦਾ ਵੀ ਸਮਰਥਨ ਕਰਦੀ ਹੈ?’ ਭਾਜਪਾ ਆਗੂ ਨੇ ਗੁਪਕਾਰ ਐਲਾਨਨਾਮੇ ਤੋਂ ਬਾਅਦ ਬਣੇ ਗੱਠਜੋੜ ’ਤੇ ਹੱਲਾ ਬੋਲਦਿਆਂ ਕਿਹਾ ਕਿ ਉਨ੍ਹਾਂ ਐੱਨਸੀ ਦੇ ‘ਦੇਸ਼ ਵਿਰੋਧੀ’ ਵਿਚਾਰ ਸੁਣੇ ਹਨ। ਜ਼ਿਕਰਯੋਗ ਹੈ ਕਿ ਗੁਪਕਾਰ ਐਲਾਨਨਾਮੇ ਤੋਂ ਬਾਅਦ ਜੰਮੂ ਕਸ਼ਮੀਰ ਦੀਆਂ ਕਈ ਪਾਰਟੀਆਂ ਨੇ ਗੱਠਜੋੜ ਕੀਤਾ ਹੈ। ਪ੍ਰਸਾਦ ਨੇ ਕਿਹਾ ਕਿ ਐੱਨਸੀ ਆਗੂ ਫਾਰੂਕ ਅਬਦੁੱਲਾ ਨੇ ਵਿਸ਼ੇਸ਼ ਦਰਜੇ ਦੀ ਬਹਾਲੀ ਲਈ ਚੀਨ ਦੇ ਸਮਰਥਨ ਦੀ ਗੱਲ ਕੀਤੀ ਹੈ। ਇਸ ਤੋਂ ਇਲਾਵਾ ਪੀਡੀਪੀ ਆਗੂ ਮਹਬਿੂਬਾ ਮੁਫ਼ਤੀ ਨੇ ਕਿਹਾ ਸੀ ਕਿ ਉਹ ਕੌਮੀ ਝੰਡਾ ਨਹੀਂ ਲਹਿਰਾਉਣਗੇ ਜੇਕਰ ਜੰਮੂ ਕਸ਼ਮੀਰ ਦਾ ਵੱਖਰਾ ਝੰਡਾ ਪਹਿਲਾਂ ਵਾਂਗ ਮਨਜ਼ੂਰ ਨਹੀਂ ਕੀਤਾ ਗਿਆ। ਭਾਜਪਾ ਨੇ ਇਨ੍ਹਾਂ ਬਿਆਨਾਂ ’ਤੇ ਕਾਂਗਰਸ ਨੂੰ ਰੁਖ਼ ਸਪੱਸ਼ਟ ਕਰਨ ਲਈ ਕਿਹਾ ਹੈ। ਪ੍ਰਸਾਦ ਨੇ ਕਿਹਾ ਕਿ ਜੰਮੂ ਕਸ਼ਮੀਰ ਵਿਚ ਕੇਂਦਰ ਸਰਕਾਰ ਨੇ ਔਰਤਾਂ ਨੂੰ ਜਾਇਦਾਦ ਦਾ ਹੱਕ ਦਿੱਤਾ ਹੈ। ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ, ਪੱਛੜੇ ਵਰਗਾਂ ਲਈ ਰਾਖ਼ਵਾਂਕਰਨ ਲਿਆਂਦਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਗੁਪਕਾਰ ਗੱਠਜੋੜ ਦੇ ਭਾਈਵਾਲ ਜੰਮੂ ਕਸ਼ਮੀਰ ਨੂੰ ‘ਤੰਗ ਰੂੜ੍ਹੀਵਾਦੀ ਸੋਚ’ ਵੱਲ ਧੱਕਣ ਦਾ ਯਤਨ ਕਰ ਰਹੇ ਹਨ। ਜ਼ਿਕਰਯੋਗ ਹੈ ਕਿ 10 ਖੇਤਰੀ ਪਾਰਟੀਆਂ ਦੇ ਗੱਠਜੋੜ ਵੱਲੋਂ ਧਾਰਾ 370 ਦੀ ਬਹਾਲੀ ਮੰਗੀ ਗਈ ਸੀ। ਇਸ ਦਾ ਕਾਂਗਰਸ ਦੇ ਕੁਝ ਸੀਨੀਅਰ ਆਗੂਆਂ ਨੇ ਸਮਰਥਨ ਕੀਤਾ ਸੀ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਵੀ ਕਾਂਗਰਸ ਉਤੇ ਨਿਸ਼ਾਨਾ ਸੇਧਦਿਆਂ ਗੱਠਜੋੜ ਨੂੰ ‘ਨਾਪਾਕ’ ਕਰਾਰ ਦਿੱਤਾ। -ਪੀਟੀਆਈ
ਗੁੱਜਰ-ਬਕਰਵਾਲ ਭਾਈਚਾਰੇ ਦੀ ਬੇਦਖ਼ਲੀ ‘ਗ਼ੈਰਕਾਨੂੰਨੀ’: ਮੁਫ਼ਤੀ
ਸ੍ਰੀਨਗਰ: ਪੀਪਲਜ਼ ਡੈਮੋਕਰੈਟਿਕ ਪਾਰਟੀ ਪ੍ਰਧਾਨ ਮਹਬਿੂਬਾ ਮੁਫ਼ਤੀ ਨੇ ਗੁੱਜਰ-ਬਕਰਵਾਲ ਭਾਈਚਾਰੇ ਨੂੰ ਜੰਮੂ ਕਸ਼ਮੀਰ ਦੇ ਜੰਗਲੀ ਇਲਾਕੇ ਵਿਚੋਂ ਬਾਹਰ ਕੱਢਣ ਖ਼ਿਲਾਫ਼ ਚਿਤਾਵਨੀ ਦਿੱਤੀ ਹੈ। ਮੁਫ਼ਤੀ ਨੇ ਕਿਹਾ ਕਿ ਜੇ ਭਾਈਚਾਰੇ ਦੇ ਮੈਂਬਰਾਂ ਨੂੰ ਤੰਗ ਕੀਤਾ ਗਿਆ ਤਾਂ ਇਸ ਦੇ ਖ਼ਤਰਨਾਕ ਸਿੱਟੇ ਨਿਕਲਣਗੇ। ਮਹਬਿੂਬਾ ਨੇ ਅੱਜ ਪਹਿਲਗਾਮ (ਅਨੰਤਨਾਗ) ਦੇ ਉੱਚੇ ਪਹਾੜੀ ਇਲਾਕਿਆਂ ਵਿਚ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇੱਥੇ ਪ੍ਰਸ਼ਾਸਨ ਨੇ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਤਹਿਤ ਉਨ੍ਹਾਂ ਦੇ ਆਸਰੇ ਢਾਹ ਦਿੱਤੇ ਹਨ। ਮਹਬਿੂਬਾ ਨੇ ਕਿਹਾ ਕਿ ਭਾਈਚਾਰਾ ਸਦੀਆਂ ਤੋਂ ਇਸ ਇਲਾਕੇ ਵਿਚ ਰਹਿ ਰਿਹਾ ਹੈ ਤੇ ਇਹ ਪ੍ਰਕਿਰਿਆ ‘ਗ਼ੈਰਕਾਨੂੰਨੀ’ ਹੈ।