ਨਵੀਂ ਦਿੱਲੀ, 15 ਅਕਤੂਬਰ
ਭਾਜਪਾ ਦੇ ਕੌਮੀ ਤਰਜਮਾਨ ਆਰ.ਪੀ. ਸਿੰਘ ਨੇ ਸਜ਼ਾ ਭੁਗਤ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਮੰਗੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਤਿਵਾਦ ਦੇ ਕਈ ਕੇਸਾਂ ਵਿਚ ਸਿੱਖ ਕੈਦੀ ਆਪਣੀ ਸਜ਼ਾ ਪੂਰੀ ਕਰਨ ਦੇ ਬਾਵਜੂਦ ਜੇਲ੍ਹਾਂ ਵਿਚ ਹਨ। ਇਕ ਟਵੀਟ ਵਿਚ ਭਾਜਪਾ ਦੇ ਬੁਲਾਰੇ ਨੇ ਕਿਹਾ ਕਿ, ‘ਅਤਿਵਾਦ ਦੌਰਾਨ ਦਰਜ ਹੋਏ ਕਈ ਕੇਸਾਂ ਵਿਚ ਸਿੱਖ ਕੈਦੀ ਸਜ਼ਾ ਪੂਰੀ ਕਰਨ ਦੇ ਬਾਵਜੂਦ ਜੇਲ੍ਹਾਂ ਵਿਚ ਹਨ। ਉਨ੍ਹਾਂ ਦੀ ਉਮਰ ਹੋ ਚੁੱਕੀ ਹੈ ਤੇ ਸਮਾਜ ਨੂੰ ਉਨ੍ਹਾਂ ਤੋਂ ਕੋਈ ਖ਼ਤਰਾ ਨਹੀਂ ਹੈ, ਬਲਕਿ ਉਨ੍ਹਾਂ ਨੂੰ ਆਪਣੀਆਂ ਲੋੜਾਂ ਲਈ ਪਰਿਵਾਰ ਦੀ ਮਦਦ ਦੀ ਲੋੜ ਹੈ। ਮੈਂ ਸਾਰੀਆਂ ਰਾਜ ਸਰਕਾਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਅਜਿਹੇ ਕੇਸਾਂ ਨੂੰ ਹਮਦਰਦੀ ਨਾਲ ਵਿਚਾਰਨ।’ ਉਨ੍ਹਾਂ ਕਿਹਾ ਕਿ ਉਮਰ ਕੈਦ ਦੇ ਕਈ ਕੇਸਾਂ ਵਿਚ ਵੀ ਵਿਅਕਤੀ 14 ਸਾਲ ਕੈਦ ਭੁਗਤ ਕੇ ਬਾਹਰ ਆ ਜਾਂਦਾ ਹੈ ਜਦਕਿ ਕਈ ਸਿੱਖ ਕੈਦੀ 32 ਸਾਲ ਦੀ ਸਜ਼ਾ ਭੁਗਤਣ ਤੋਂ ਬਾਅਦ ਵੀ ਜੇਲ੍ਹ ਵਿਚ ਹਨ। -ਪੀਟੀਆਈ