ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 18 ਜਲਾਈ
ਭਾਜਪਾ ਵੱਲੋਂ ਆਪਣੇ ਸੱਤਾਧਾਰੀ ਸੂਬਿਆਂ ਵਿੱਚ ਵੱਡੇ ਸਿਆਸੀ ਬਦਲਾਅ ਕੀਤੇ ਜਾ ਸਕਦੇ ਹਨ। ਇਹ ਬਦਲਾਅ ਨਾ ਸਿਰਫ ਕਰਨਾਟਕ ਵਿੱਚ ਬਲਕਿ ਹਰਿਆਣਾ ਵਿੱਚ ਵੀ ਕੀਤੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨੇ ਕੇਂਦਰੀ ਵਜ਼ਾਰਤ ਵਿੱਚ ਕਈ ਨਵੇਂ ਚਿਹਰੇ ਸ਼ਾਮਲ ਕੀਤੇ ਸਨ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ ਨੂੰ ਵੀ ਬਦਲਿਆ ਗਿਆ ਸੀ। ਸੂਤਰਾਂ ਅਨੁਸਾਰ ਕੇਂਦਰੀ ਵਜ਼ਾਰਤ ਵੱਲੋਂ ਭਾਜਪਾ ਦੀ ਸੱਤਾ ਵਾਲੇ ਸੂਬਿਆਂ ਵਿੱਚ ਮੰਤਰੀਮੰਡਲ ਨੂੰ ਨਵਾਂ ਰੂਪ ਦੇਣ ਦੀ ਦਿਆਰੀ ਕੀਤੀ ਜਾ ਰਹੀ ਹੈ। ਹਾਲ ਹੀ ਵਿੱਚ ਕਰਨਾਟਕ ਦੇ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਗਈ ਸੀ। ਇਹ ਮੁਲਾਕਾਤ ਚਰਚਾ ਦਾ ਵਿਸ਼ਾ ਬਣ ਗਿਆ ਸੀ। ਇਸੇ ਤਰ੍ਹਾਂ ਬੀਤੇ ਕੁਝ ਦਿਨਾਂ ਵਿੱਚ ਮੱਧ ਪ੍ਰਦੇਸ਼, ਹਰਿਆਣਾ ਤੇ ਤ੍ਰਿਪੁਰਾ ਦੇ ਮੁੱਖ ਮੰਤਰੀਆਂ ਵੱਲੋਂ ਵੀ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕੀਤੀ ਗਈ ਹੈ। ਵੇਰਵਿਆਂ ਅਨੁਸਾਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਬੀਤੇ ਸ਼ੁੱਕਰਵਾਰ ਨੂੰ ਭਾਜਪਾ ਪ੍ਰਮੁੱਖ ਜੇਪੀ ਨੱਡਾ ਨੂੰ ਮਿਲੇ ਸਨ। ਇਸੇ ਤਰ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਗਈ ਸੀ। ਇਸ ਮੀਟਿੰਗ ਵਿੱਚ ਜੇਪੀ ਨੱਡਾ ਵੀ ਹਾਜ਼ਰ ਸਨ ਤੇ ਸੂਤਰਾਂ ਅਨੁਸਾਰ ਹਰਿਆਣਾ ਵਿੱਚ ਕਾਨੂੰਨ ਵਿਵਸਥਾ ’ਤੇ ਚਰਚਾ ਕੀਤੀ ਗਈ ਸੀ। ਇਨ੍ਹਾਂ ਮੀਟਿੰਗਾਂ ਨੂੰ ਕਈ ਆਗੂਆਂ ਨੇ ਰੁਟੀਨ ਦੀਆਂ ਮੀਟਿੰਗਾਂ ਦੱਸਿਆ ਹੈ ਪਰ ਸੂਤਰਾਂ ਅਨੁਸਾਰ ਭਾਜਪਾ ਸ਼ਾਸਤ ਸੂਬਿਆਂ ਵਿੱਚ ਵੱਡੇ ਸਿਆਸੀ ਬਦਲਾਅ ਦੀਆਂ ਸੰਭਾਵਨਾਵਾਂ ਹਨ। ਇਸੇ ਤਰ੍ਹਾਂ ਛੱਤਿਸਗੜ੍ਹ ਤੇ ਰਾਜਸਥਾਨ ਵਿੱਚ ਵੀ ਭਾਜਪਾ ਵੱਲੋਂ ਪਾਰਟੀ ਆਗੂਆਂ ਵਿੱਚ ਵੱਡਾ ਬਦਲਾਅ ਕੀਤਾ ਜਾ ਸਕਦਾ ਹੈ ਕਿਉਂਕਿ ਸੰਘ ਦਾ ਮੰਨਨਾ ਹੈ ਕਿ ਭਾਜਪਾ ਨੌਜਵਾਨ ਪੀੜ੍ਹੀ ਨੂੰ ਸਿਆਸੀ ਖੇਤਰ ਵਿੱਚ ਅੱਗੇ ਲਿਆਏ।