ਨਵੀਂ ਦਿੱਲੀ, 28 ਅਗਸਤ
ਭਾਰਤ ਦੇ ਚੀਫ਼ ਜਸਟਿਸ ਯੂ.ਯੂ.ਲਲਿਤ ਦੀ ਅਗਵਾਈ ਵਾਲਾ ਬੈਂਚ ਸੋਮਵਾਰ ਨੂੰ ਕੇਰਲਾ ਦੇ ਪੱਤਰਕਾਰ ਸਿੱਦੀਕ ਕੱਪਨ ਦੀ ਜ਼ਮਾਨਤ ਅਰਜ਼ੀ, ਕਾਰਕੁਨ ਗੌਤਮ ਨਵਲੱਖਾ ਦੀ ਪਟੀਸ਼ਨ ਤੇ ਕੁਝ ਹੋਰਨਾਂ ਅਹਿਮ ਜਨਹਿਤ ਪਟੀਸ਼ਨਾਂ ’ਤੇ ਸੁਣਵਾਈ ਕਰੇਗਾ।
ਸੀਜੇਆਈ ਵਜੋਂ ਜਸਟਿਸ ਲਲਿਤ ਦਾ ਭਲਕੇ ਪਹਿਲਾਂ ਕੰਮਕਾਜੀ ਦਿਨ ਹੋਵੇਗਾ। ਉਨ੍ਹਾਂ ਲੰਘੇ ਦਿਨ ਦੇਸ਼ ਦੇ 49ਵੇਂ ਚੀਫ਼ ਜਸਟਿਸ ਵਜੋਂ ਹਲਫ਼ ਲਿਆ ਸੀ। ਸਿਖਰਲੀ ਕੋਰਟ ਦੀ ਵੈੱਬਸਾਈਟ ’ਤੇ ਅਪਲੋਡ ਕੀਤੀ ਜਾਣਕਾਰੀ ਮੁਤਾਬਕ ਸੀਜੇਆਈ ਲਲਿਤ ਸੋਮਵਾਰ ਨੂੰ ਕੋਰਟ ਨੰਬਰ ਇਕ ਵਿੱਚ ਜਸਟਿਸ ਐੱਸ.ਰਵਿੰਦਰ ਭੱਟ ਨਾਲ ਬੈਂਚ ਦੀ ਅਗਵਾਈ ਕਰਨਗੇ। ਕੇਰਲਾ ਆਧਾਰਿਤ ਪੱਤਰਕਾਰ ਕੱਪਨ ਨੂੰ ਅਕਤੂਬਰ 2020 ਵਿਚ ਯੂਪੀ ਦੇ ਹਾਥਰਸ, ਜਿੱਥੇ ਦਲਿਤ ਮਹਿਲਾ ਦੀ ਕਥਿਤ ਸਮੂਹਿਕ ਜਬਰ-ਜਨਾਹ ਮਗਰੋਂ ਹੱਤਿਆ ਕਰ ਦਿੱਤੀ ਗਈ ਸੀ, ਦੀ ਰਿਪੋਰਟਿੰਗ ਲਈ ਜਾਂਦਿਆਂ ਰਸਤੇ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਕੱਪਨ ਨੇ ਜ਼ਮਾਨਤ ਲਈ ਸਿਖਰਲੀ ਕੋਰਟ ਦਾ ਰੁਖ਼ ਕੀਤਾ ਸੀ। ਅਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਨੇ ਕੱਪਨ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ। ਸਾਬਕਾ ਚੀਫ਼ ਜਸਟਿਸ ਐੱਨ.ਵੀ.ਰਾਮੰਨਾ ਨੇ ਪਿਛਲੇ ਹਫ਼ਤੇ ਕੱਪਨ ਦੀ ਜ਼ਮਾਨਤ ਅਰਜ਼ੀ ਨੂੰ ਜ਼ਰੂਰੀ ਕੇਸਾਂ ਦੀ ਸੂਚੀ ਵਿੱਚ ਸ਼ਾਮਲ ਕਰਨ ਦੀ ਹਦਾਇਤ ਕੀਤੀ ਸੀ। -ਪੀਟੀਆਈ