ਲਖਨਊ, 10 ਸਤੰਬਰ
ਜੇਡੀ(ਯੂ) ਆਗੂ ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ‘ਸਪਾ’ ਆਗੂਆਂ ਮੁਲਾਇਮ ਤੇ ਅਖਿਲੇਸ਼ ਯਾਦਵ ਨਾਲ ਮੁਲਾਕਾਤ ਤੋਂ ਬਾਅਦ ਲੋਕ ਇੱਥੇ ਸਥਿਤ ਸਮਾਜਵਾਦੀ ਪਾਰਟੀ ਦੇ ਦਫ਼ਤਰ ’ਤੇ ਇਕ ਨਵਾਂ ਪੋਸਟਰ ਲੱਗਿਆ ਦੇਖ ਰਹੇ ਹਨ। ਪੋਸਟਰ ਕਾਰਨ ਇੱਥੋਂ ਦੇ ਸਿਆਸੀ ਦਾਇਰੇ ਵਿਚ ਨਵੀਂ ਚਰਚਾ ਛਿੜ ਗਈ ਹੈ।
ਜ਼ਿਕਰਯੋਗ ਹੈ ਕਿ ਵਿਰੋਧੀ ਧਿਰਾਂ ਨੂੰ ਇਕਜੁੱਟ ਕਰਨ ਦੇ ਮੰਤਵ ਨਾਲ ਨਿਤੀਸ਼ ਨੇ ਯਾਦਵਾਂ ਨਾਲ ਦਿੱਲੀ ਵਿਚ ਮੁਲਾਕਾਤ ਕੀਤੀ ਸੀ। ਪਾਰਟੀ ਦਫ਼ਤਰ ’ਤੇ ਲੱਗੇ ਪੋਸਟਰ ਵਿਚ ਲਿਖਿਆ ਹੈ, ‘ਯੂਪੀ+ਬਿਹਾਰ= ਗਈ ਮੋਦੀ ਸਰਕਾਰ’। ਇਸ ਬੈਨਰ ਉਤੇ ਨਿਤੀਸ਼ ਦਾ ਹਰਾ ‘ਅੰਗੋਛਾ’ ਤੇ ਅਖਿਲੇਸ਼ ਦੀ ‘ਲਾਲ ਟੋਪੀ’ ਵੀ ਛਾਪੀ ਗਈ ਹੈ। ਦੱਸਣਯੋਗ ਹੈ ਕਿ ਯੂਪੀ ਤੇ ਬਿਹਾਰ ਰਲ ਕੇ 120 ਮੈਂਬਰ ਲੋਕ ਸਭਾ ਵਿਚ ਭੇਜਦੇ ਹਨ। ਯੂਪੀ ਵਿਚ ਲੋਕ ਸਭਾ ਦੀਆਂ 80 ਤੇ ਬਿਹਾਰ ਵਿਚ 40 ਸੀਟਾਂ ਹਨ। ਇਨ੍ਹਾਂ ਦੋਵਾਂ ਸੂਬਿਆਂ ਵਿਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੀ ਪਾਰਟੀ ਦਿੱਲੀ ’ਚ ਸਰਕਾਰ ਬਣਾਉਣ ਦੀ ਸਥਿਤੀ ਵਿਚ ਆ ਜਾਂਦੀ ਹੈ। ਬੈਨਰ ਤਿਆਰ ਕਰਨ ਵਾਲੇ ‘ਸਪਾ’ ਆਗੂ ਆਈਪੀ ਸਿੰਘ ਨੇ ਕਿਹਾ ਕਿ ਉੱਤਰ ਪ੍ਰਦੇਸ਼ ਤੇ ਬਿਹਾਰ ਦਾ ਅਜਿਹੀਆਂ ਮੁਹਿੰਮਾਂ ਵਿੱਢਣ ਦਾ ਇਤਿਹਾਸ ਰਿਹਾ ਹੈ ਜਿਨ੍ਹਾਂ ਦੇਸ਼ ਦੀ ਸਿਆਸਤ ਬਦਲ ਦਿੱਤੀ। ਉਨ੍ਹਾਂ ਕਿਹਾ, ‘ਜੇ ਇਹ ਦੋਵੇਂ ਸੂਬੇ ਬਦਲਾਅ ਦਾ ਫ਼ੈਸਲਾ ਲੈ ਲੈਣ, ਤਾਂ ਦੂਜਿਆਂ ਲਈ ਕੁਝ ਨਹੀਂ ਬਚੇਗਾ। ਜੇ ਅਸੀਂ ਸਿਆਸੀ ਨਕਸ਼ਾ ਦੇਖੀਏ ਤਾਂ ਭਾਜਪਾ ਕਿਤੇ ਨਹੀਂ ਹੋਵੇਗੀ।’ ਦੱਸਣਯੋਗ ਹੈ ਕਿ ‘ਸਪਾ’ ਸਣੇ ਯੂਪੀ ਦੀਆਂ ਹੋਰਨਾਂ ਵਿਰੋਧੀ ਧਿਰਾਂ ਨੇ ਨਿਤੀਸ਼ ਵੱਲੋਂ ਭਾਜਪਾ ਦਾ ਸਾਥ ਛੱਡਣ ਦਾ ਸਵਾਗਤ ਕੀਤਾ ਹੈ। -ਪੀਟੀਆਈ