ਕਟੜਾ, 2 ਜਨਵਰੀ
ਭਗਦੜ ’ਚ 12 ਸ਼ਰਧਾਲੂਆਂ ਦੇ ਮਾਰੇ ਜਾਣ ਦੇ ਬਾਵਜੂਦ ਮਾਤਾ ਵੈਸ਼ਨੋ ਦੇਵੀ ਮੰਦਰ ’ਚ ਲੋਕਾਂ ਦਾ ਵੱਡੀ ਗਿਣਤੀ ’ਚ ਦਰਸ਼ਨਾਂ ਲਈ ਪਹੁੰਚਣਾ ਜਾਰੀ ਹੈ। ਅਧਿਕਾਰੀਆਂ ਨੇ ਪੁਖ਼ਤਾ ਪ੍ਰਬੰਧ ਕਰਦਿਆਂ ਸੁਰੱਖਿਆ ਬਲਾਂ ਨੂੰ ਦਰਸ਼ਨਾਂ ਵਾਲੇ ਰਸਤੇ ’ਚ ਤਾਇਨਾਤ ਕਰ ਦਿੱਤਾ ਹੈ। ਸ਼ਰਧਾਲੂਆਂ ਦਾ ਸਵਾਗਤ ਕਰਦਿਆਂ ‘ਦਰਸ਼ਨ ਕਰੋ, ਕਟੜਾ ਚਲੋ’ ਦਾ ਜਾਪ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਮੱਥਾ ਟੇਕਣ ਮਗਰੋਂ ਸ਼ਰਧਾਲੂ ਇਧਰ-ਉਧਰ ਰੁਕੇ ਨਾ ਰਹਿਣ ਅਤੇ ਮੁੱਖ ਕੈਂਪ ਕਟੜਾ ਵੱਲ ਪਰਤ ਜਾਣ।
ਪਾਣੀਪਤ ਦੀ ਵਸਨੀਕ ਮੋਤੀਆ ਰਾਣੀ (58) ਨੇ ਦੱਸਿਆ,‘‘ਜਿਵੇਂ ਹੀ ਅਸੀਂ ਮਾਤਾ ਦੇ ਦਰਸ਼ਨਾਂ ਲਈ ਅੰਦਰ ਦਾਖ਼ਲ ਹੋਏ ਤਾਂ ਉਥੇ ਤਾਇਨਾਤ ਪੁਲੀਸ ਕਰਮੀ ਦਰਸ਼ਨ ਕਰੋ, ਕਟੜਾ ਚਲੋ ਬੋਲ ਰਹੇ ਸਨ। ਮੈਂ ਬੱਚਿਆਂ ਨਾਲ ਕਈ ਸਾਲਾਂ ਤੋਂ ਹਰੇਕ ਵਰ੍ਹੇ ਦੇ ਪਹਿਲੇ ਦਿਨ ਮਾਤਾ ਦੇ ਦਰਸ਼ਨਾਂ ਲਈ ਆ ਰਹੀ ਹਾਂ। ਮੈਂ 31 ਦਸੰਬਰ ਨੂੰ ਕਟੜਾ ਪਹੁੰਚ ਗਈ ਸੀ ਅਤੇ ਸ਼ਨਿਚਰਵਾਰ ਨੂੰ ਮੰਦਰ ਪਹੁੰਚਣਾ ਸੀ ਪਰ ਉਸ ਦਿਨ ਮੰਦਭਾਗੀ ਘਟਨਾ ਵਾਪਰ ਗਈ ਜਿਸ ਕਾਰਨ ਇਸ ਵਾਰ ਅਸੀਂ ਇਕ ਦਿਨ ਬਾਅਦ ਮਾਤਾ ਦੇ ਦਰਸ਼ਨ ਕਰ ਸਕੇ।’’ ਹਾਦਸੇ ਦੇ ਇਕ ਦਿਨ ਬਾਅਦ ਸ਼ਰਧਾਲੂਆਂ ਦੀ ਰਜਿਸਟਰੇਸ਼ਨ ਕਾਊਂਟਰਾਂ ’ਤੇ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ ਅਤੇ ਉਹ ਮੱਥਾ ਟੇਕਣ ਲਈ ਆਪਣੀ ਵਾਰੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਗਾਜ਼ੀਆਬਾਦ ਦੇ ਮਨੋਜ ਕੁਮਾਰ (36) ਨੇ ਕਿਹਾ ਕਿ ਹਾਦਸੇ ਮਗਰੋਂ ਯਾਤਰਾ ਮੁਲਤਵੀ ਕਰਨ ਦਾ ਉਸ ਦੇ ਦਿਮਾਗ ’ਚ ਇਕ ਵਾਰ ਵੀ ਖ਼ਿਆਲ ਨਹੀਂ ਆਇਆ। ਦਿੱਲੀ ਦੇ ਲਕਸ਼ਮੀ ਨਗਰ ਦੇ ਸ਼ੁਭਮ ਨੇ ਕਿਹਾ ਕਿ ਸੀਆਰਪੀਐੱਫ ਜਵਾਨ ਯਾਤਰਾ ਦੇ ਪ੍ਰਬੰਧ ਨੂੰ ਦੇਖ ਰਹੇ ਹਨ ਅਤੇ ਉਹ ਲੋਕਾਂ ਨੂੰ ਦਰਸ਼ਨਾਂ ਮਗਰੋਂ ਗੁਫ਼ਾ ’ਚ ਰੁਕਣ ਨਹੀਂ ਦੇ ਰਹੇ। ਆਪਣੇ ਚਾਰ ਦੋਸਤਾਂ ਨਾਲ ਆਏ ਸ਼ੁਭਮ ਨੇ ਕਿਹਾ ਕਿ ਯਾਤਰਾ ਸੁਚਾਰੂ ਢੰਗ ਨਾਲ ਜਾਰੀ ਹੈ। ਮੁੰਬਈ ਦੇ ਧਰਮਵੀਰ ਨੇ ਕਿਹਾ ਕਿ ਉਹ ਖੁਸ਼ਕਿਸਮਤ ਹਨ ਕਿ ਬਿਨਾਂ ਕਿਸੇ ਮੁਸ਼ਕਲ ਦੇ ਮਾਤਾ ਦੇ ਦਰਸ਼ਨ ਸੰਭਵ ਹੋ ਸਕੇ। ‘ਸਾਨੂੰ ਪ੍ਰਬੰਧਾਂ ’ਚ ਕੋਈ ਘਾਟ ਮਹਿਸੂਸ ਨਹੀਂ ਹੋਈ। ਸ਼ਰਧਾਲੂ ਬਿਨਾਂ ਕਿਸੇ ਰੁਕਾਵਟ ਦੇ ਆ-ਜਾ ਰਹੇ ਹਨ। ਪੁਲੀਸ ਅਤੇ ਸੀਆਰਪੀਐੱਫ ਦੇ ਜਵਾਨ ਪੂਰੇ ਰੂਟ ’ਤੇ ਤਾਇਨਾਤ ਕੀਤੇ ਗਏ ਹਨ।’ ਧਾਮ ਬੋਰਡ ਮੁਤਾਬਕ 12 ਤੋਂ ਜ਼ਿਆਦਾ ਵਿਅਕਤੀਆਂ ਕੋਲ ਕੋਵਿਡ ਟੈਸਟ ਰਿਪੋਰਟ ਨਾ ਹੋਣ ਕਾਰਨ ਉਨ੍ਹਾਂ ਨੂੰ ਮੰਦਰ ’ਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ। -ਪੀਟੀਆਈ
ਲੋਕਾਂ ਨੂੰ ਹਾਦਸੇ ਦੀ ਜਾਣਕਾਰੀ ਦੇਣ ਲਈ ਅੱਗੇ ਆਉਣ ਦੀ ਅਪੀਲ
ਜੰਮੂ: ਵੈਸ਼ਨੋ ਦੇਵੀ ਮੰਦਰ ’ਚ ਭਗਦੜ ਮਾਮਲੇ ਦੀ ਜਾਂਚ ਪੁਲੀਸ ਵੱਲੋਂ ਵੀ ਕੀਤੀ ਜਾਵੇਗੀ। ਜੰਮੂ ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਕਿਹਾ ਕਿ ਇਹ ਜਾਂਚ ਉੱਚ ਤਾਕਤੀ ਕਮੇਟੀ ਦੀ ਜਾਂਚ ਦੇ ਨਾਲ ਹੀ ਚੱਲੇਗੀ। ਉਨ੍ਹਾਂ ਕਿਹਾ ਕਿ ਝੜਪ ’ਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਜਿਸ ਮਗਰੋਂ ਭਗਦੜ ਮਚੀ ਸੀ। ਲੈਫ਼ਟੀਨੈਂਟ ਗਵਰਨਰ ਮਨੋਜ ਸਿਨਹਾ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਜਾਂਚ ਕਮੇਟੀ ਹਫ਼ਤੇ ਦੇ ਅੰਦਰ ਆਪਣੀ ਰਿਪੋਰਟ ਦੇਵੇਗੀ। ਉਧਰ ਕਮੇਟੀ ਦੇ ਮੈਂਬਰ ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਰਾਘਵ ਲੈਂਗਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਗਦੜ ਬਾਰੇ ਜਾਣਕਾਰੀ ਦੇਣ ਲਈ ਅੱਗੇ ਆਉਣ। ਕੋਈ ਵੀ ਵਿਅਕਤੀ 5 ਜਨਵਰੀ ਨੂੰ ਜੰਮੂ ’ਚ ਡਿਵੀਜ਼ਨਲ ਕਮਿਸ਼ਨਰ ਦੇ ਦਫ਼ਤਰ ’ਚ ਸਵੇਰੇ 11 ਤੋਂ ਦੁਪਹਿਰ 1 ਵਜੇ ਤੱਕ ਜਾਂਚ ਕਮੇਟੀ ਕੋਲ ਜਾਣਕਾਰੀ ਦੇ ਸਕਦਾ ਹੈ। -ਪੀਟੀਆਈ
ਲੈਫ਼ਟੀਨੈਂਟ ਗਵਰਨਰ ਨੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਉਠਾਏ ਕਈ ਕਦਮ
ਜੰਮੂ: ਜੰਮੂ ਕਸ਼ਮੀਰ ਦੇ ਲੈਫ਼ਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਅੱਜ ਇਥੇ ਸ੍ਰੀ ਮਾਤਾ ਵੈਸ਼ਨੋ ਦੇਵੀ ਧਾਮ ਬੋਰਡ ਦੀ ਮੀਟਿੰਗ ਦੀ ਅਗਵਾਈ ਕੀਤੀ। ਰਾਜ ਭਵਨ ’ਚ ਹੋਈ ਮੀਟਿੰਗ ਦੌਰਾਨ ਧਾਮ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਮੇਸ਼ ਕੁਮਾਰ ਸਮੇਤ ਕਈ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਮੀਟਿੰਗ ਮਗਰੋਂ ਕਈ ਟਵੀਟ ਕਰਦਿਆਂ ਲੈਫ਼ਟੀਨੈਂਟ ਗਵਰਨਰ ਨੇ ਕਿਹਾ ਕਿ ਸ਼ਰਧਾਲੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਈ ਫ਼ੈਸਲੇ ਲਏ ਗਏ ਹਨ। ਉਨ੍ਹਾਂ ਕਿਹਾ ਕਿ ਆਨਲਾਈਨ ਬੁਕਿੰਗ 100 ਫ਼ੀਸਦੀ ਕੀਤੀ ਜਾਵੇਗੀ ਅਤੇ ਜਿਥੇ ਕਿਤੇ ਵੀ ਸੁਧਾਰ ਦੀ ਲੋੜ ਹੈ, ਉਥੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਹਾਦਸੇ ’ਚ ਜਾਨਾਂ ਗੁਆਉਣ ਵਾਲੇ ਸ਼ਰਧਾਲੂਆਂ ਦੇ ਵਾਰਸਾਂ ਲਈ ਪੰਜ-ਪੰਜ ਲੱਖ ਰੁਪਏ ਦੀ ਵਾਧੂ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। -ਪੀਟੀਆਈ