ਨਵੀਂ ਦਿੱਲੀ, 2 ਨਵੰਬਰ
ਅਟਾਰਨੀ ਜਨਰਲ ਕੇ.ਕੇ. ਵੇਣੂੰਗੋਪਾਲ ਨੇ ਸੁਪਰੀਮ ਕੋਰਟ ਦੇ ਇੱਕ ਜੱਜ ਅਤੇ ਸੂਬਾ ਹਾਈ ਕੋਰਟ ਦੇ ਹੋਰ ਜੱਜਾਂ ਖ਼ਿਲਾਫ਼ ਕਥਿਤ ਦੋਸ਼ ਲਾਉਣ ਦੇ ਮਾਮਲੇ ’ਚ ਅੱਜ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਅਤੇ ਉਨ੍ਹਾਂ ਦੇ ਪ੍ਰਮੁੱਖ ਸਲਾਹਕਾਰ ਅਜੇਯ ਕੱਲਮ ਖ਼ਿਲਾਫ਼ ਮਾਣਹਾਨੀ ਕਾਰਵਾਈ ਸ਼ੁਰੂ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ। ਅਟਾਰਨੀ ਜਰਨਲ ਦੀ ਰਾਇ ਸੀ ਕਿ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਪ੍ਰਮੁੱਖ ਸਲਾਹਕਾਰ ਦਾ ਵਿਵਹਾਰ ਮੁੱਢਲੇ ਤੌਰ ’ਤੇ ਉਲੰਘਣਾ ਵਾਲਾ ਹੈ ਪਰ ਉਨ੍ਹਾਂ ਇਹ ਕਹਿੰਦਿਆਂ ਕਾਰਵਾਈ ਲਈ ਮਨਜ਼ੂਰੀ ਨਹੀਂ ਦਿੱਤੀ ਕਿ ਸ੍ਰੀ ਰੈੱਡੀ ਨੇ ਚੀਫ਼ ਜਸਟਿਸ ਆਫ ਇੰਡੀਆ ਐੱਸ.ਏ. ਬੋਬੜੇ ਨੂੰ ਪੱਤਰ ਲਿਖਿਆ ਸੀ ਅਤੇ ਮਾਮਲਾ ਉਨ੍ਹਾਂ ਕੋਲ ਵਿਚਾਰ ਅਧੀਨ ਹੈ। ਭਾਜਪਾ ਨੇਤਾ ਅਤੇ ਵਕੀਲ ਅਸ਼ਵਨੀ ਉਪਾਧਿਆਏ ਨੇ ਅਟਾਰਨੀ ਜਨਰਲ ਵੇਣੂਗੋਪਾਲ ਨੂੰ ਪੱਤਰ ਲਿਖ ਕੇ ਸ੍ਰੀ ਰੈੱਡੀ ਅਤੇ ਉਨ੍ਹਾਂ ਕੇ ਪ੍ਰਮੁੱਖ ਸਲਾਹਕਾਰ ਖ਼ਿਲਾਫ਼ ਮਾਣਹਾਨੀ ਕਾਰਵਾਈ ਸ਼ੁਰੂ ਕਰਨ ਦੀ ਅਪੀਲ ਕੀਤੀ ਸੀ। -ਏਜੰਸੀ