ਜੰਮੂ, 23 ਅਗਸਤ
ਫੌਜ ਨੇ ਅੱਜ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਦੇ ਨਾਲ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਦੋ ਸ਼ੱਕੀ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਹੈ। ਰੱਖਿਆ ਤਰਜਮਾਨ ਨੇ ਕਿਹਾ ਕਿ ਸਰਹੱਦ ਪਾਰੋਂ ਘੁਸਪੈਠ ਦੀ ਇਹ ਕੋਸ਼ਿਸ਼ ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਨੌਸ਼ਹਿਰਾ ਸੈਕਟਰ ਵਿੱਚ ਕੀਤੀ ਗਈ। ਤਰਜਮਾਨ ਨੇ ਕਿਹਾ, ‘‘ਘੁਸਪੈਠ ਦੀ ਕੋਸ਼ਿਸ਼ ਵਾਲੇ ਖੇਤਰ ਦੀ ਖੋਜ ਜਾਰੀ ਹੈ। ਕੁਆਡਕਾਪਟਰ ਦੁਆਰਾ ਕੀਤੀ ਜਾ ਰਹੀ ਖੋਜ ਵਿੱਚ, ਘੁਸਪੈਠੀਆਂ ਦੀਆਂ ਦੋ ਲਾਸ਼ਾਂ ਦੇਖੀਆਂ ਗਈਆਂ ਹਨ।’’ ਤਰਜਮਾਨ ਨੇ ਕਿਹਾ ਕਿ ਖੇਤਰ ਦੀ ਤਲਾਸ਼ੀ ਲਈ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਮਸ਼ਕੂਕ ਦਹਿਸ਼ਤਗਰਦਾਂ ਦੇ ਸਮੂਹ ਨੇ ਸਰਹੱਦ ਪਾਰੋਂ ਹਨੇਰੇ ਦਾ ਲਾਹਾ ਲੈਂਦੇ ਹੋਏ ਨੌਸ਼ਹਿਰਾ ਸੈਕਟਰ ਦੇ ਲਾਮ ਵਿੱਚ ਪੁਖਰਾਨੀ ਪਿੰਡ ਵਿੱਚ ਦਾਖ਼ਲ ਹੋਣ ਦਾ ਯਤਨ ਕੀਤਾ। ਉਨ੍ਹਾਂ ਕਿਹਾ ਕਿ ਰਾਤ ਦਸ ਵਜੇ ਦੇ ਕਰੀਬ ਇਨ੍ਹਾਂ ਵਿਚੋਂ ਇਕ ਦਹਿਸ਼ਤਗਰਦ ਬਾਰੂਦੀ ਸੁਰੰਗ ’ਤੇ ਪੈਰ ਰੱਖ ਬੈਠਾ, ਜਿਸ ਨਾਲ ਜ਼ੋਰਦਾਰ ਧਮਾਕਾ ਹੋਇਆ। ਦਹਿਸ਼ਤਗਰਦਾਂ ਦੀ ਆਮਦੋਰਫ਼ਤ ’ਤੇ ਨਜ਼ਰ ਰੱਖ ਰਹੇ ਸੁਰੱਖਿਆ ਬਲਾਂ ਨੇ ਅੱਜ ਸਵੇਰੇ ਇਲਾਕੇ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਵਿੱਢ ਦਿੱਤੀ। ਨੌਸ਼ਹਿਰਾ ਸੈਕਟਰ ਵਿੱਚ ਘੁਸਪੈਠ ਦੀ ਇਹ ਸੱਜਰੀ ਕੋਸ਼ਿਸ਼ ਅਜਿਹੇ ਮੌਕੇ ਹੋਈ ਹੈ ਜਦੋਂ ਥਲ ਸੈਨਾ ਨੇ ਅਜੇ ਐਤਵਾਰ ਨੂੰ ਮਕਬੂਜ਼ਾ ਕਸ਼ਮੀਰ ਦੇ ਪਿੰਡ ਸਬਜ਼ਕੋਟ ਦੇ ਵਸਨੀਕ ਤਬਾਰਕ ਹੁਸੈਨ ਨੂੰ ਸਰਹੱਦ ਪਾਰੋਂ ਦੇਸ਼ ਵਿੱਚ ਘੁਸਪੈਠ ਕਰਦਿਆਂ ਗ੍ਰਿਫ਼ਤਾਰ ਕੀਤਾ ਹੈ। ਹੁਸੈਨ ਨੂੰ ਘੁਸਪੈਠ ਕਰਦਿਆਂ ਨੂੰ ਪਿਛਲੇ 6 ਮਹੀਨਿਆਂ ਵਿੱਚ ਦੂਜੀ ਵਾਰ ਕਾਬੂ ਕੀਤਾ ਗਿਆ ਹੈ। -ਪੀਟੀਆਈ