ਜੰਮੂ, 6 ਅਗਸਤ
ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨੇ ਜੰਮੂ ਕਸ਼ਮੀਰ ਦੇ ਪੁਣਛ ਅਤੇ ਰਾਜੌਰੀ ਜ਼ਿਲ੍ਹਿਆਂ ’ਚ ਕੰਟਰੋਲ ਰੇਖਾ ’ਤੇ ਸਰਹੱਦੀ ਇਲਾਕਿਆਂ ਦਾ ਦੌਰਾ ਕਰਕੇ ਫ਼ੌਜ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਚੀਫ਼ ਆਫ਼ ਆਰਮੀ ਸਟਾਫ਼ ਦੋ ਰੋਜ਼ਾ ਦੌਰੇ ’ਤੇ ਸ਼ੁੱਕਰਵਾਰ ਨੂੰ ਜੰਮੂ ਪਹੁੰਚੇ ਸਨ। ਥਲ ਸੈਨਾ ਦੇ ਜਨ ਸੂਚਨਾ ਬਾਰੇ ਵਧੀਕ ਡਾਇਰੈਕਟੋਰੇਟ ਜਨਰਲ ਨੇ ਟਵੀਟ ਕਰਕੇ ਦੱਸਿਆ ਕਿ ਜਨਰਲ ਮਨੋਜ ਪਾਂਡੇ ਨੇ ਸਾਰੇ ਰੈਂਕਾਂ ਦੇ ਜਵਾਨਾਂ ਨਾਲ ਗੱਲਬਾਤ ਵੀ ਅਤੇ ਕੰਟਰੋਲ ਰੇਖਾ ’ਤੇ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਜਵਾਨਾਂ ਨੂੰ ਜੋਸ਼ ਅਤੇ ਹੌਸਲੇ ਨਾਲ ਕੰਮ ਕਰਦੇ ਰਹਿਣ ਲਈ ਵੀ ਕਿਹਾ। ਅਧਿਕਾਰੀ ਨੇ ਕਿਹਾ ਕਿ ਜਨਰਲ ਪਾਂਡੇ ਨੇ ਨਗਰੋਟਾ ’ਚ ਵ੍ਹਾਈਟ ਨਾਈਟ ਕੋਰ ਦੇ ਹੈੱਡਕੁਆਰਟਰ ਤੇ ਅਖਨੂਰ ਸੈਕਟਰ ਦਾ ਦੌਰਾ ਵੀ ਕੀਤਾ। -ਪੀਟੀਆਈ
ਸਰਹੱਦੀ ਖੇਤਰਾਂ ’ਚ ਸੰਚਾਰ ਸੇਵਾਵਾਂ ਮਜ਼ਬੂਤ ਬਣਾਣ ਲਈ ਫ਼ੌਜ ਵੱਲੋਂ 5ਜੀ ਦੀ ਵਰਤੋਂ ਕਰਨ ਦੀ ਯੋਜਨਾ
ਨਵੀਂ ਦਿੱਲੀ: ਭਾਰਤੀ ਸੈਨਾ ਵੱਲੋਂ ਸਰਹੱਦੀ ਖੇਤਰਾਂ ’ਚ ਸੰਚਾਰ ਸੇਵਾਵਾਂ ਮਜ਼ਬੂਤ ਬਣਾਉਣ ਦੇ ਇਰਾਦੇ ਨਾਲ 5ਜੀ ਸੇਵਾਵਾਂ ਵਰਤੇ ਜਾਣ ਦੀ ਯੋਜਨਾ ਹੈ। ਸੂਤਰਾਂ ਨੇ ਕਿਹਾ ਕਿ ਹਥਿਆਰਬੰਦ ਬਲਾਂ ’ਚ 5ਜੀ ਸੇਵਾਵਾਂ ਲਾਗੂ ਕਰਨ ਬਾਰੇ ਤਿੰਨੋਂ ਸੈਨਾਵਾਂ ਨੇ ਸਾਂਝਾ ਅਧਿਐਨ ਕੀਤਾ ਸੀ। ਹੁਣ ਥਲ, ਜਲ ਅਤੇ ਹਵਾਈ ਸੈਨਾ ਵੱਲੋਂ ਸਿਫ਼ਾਰਸ਼ਾਂ ਦਾ ਅਧਿਐਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਣਨੀਤਕ ਤੌਰ ’ਤੇ ਸਰਹੱਦੀ ਖੇਤਰਾਂ ’ਚ 5ਜੀ ਸੇਵਾਵਾਂ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। -ਪੀਟੀਆਈ