ਨਵੀਂ ਦਿੱਲੀ: ਖੇਤੀਬਾੜੀ ਮੰਤਰਾਲੇ ਨੇ ਅੱਜ ਦੱਸਿਆ ਕਿ ਇਸ ਸਾਲ ਹਾੜੀ ਦੀ ਮੁੱਖ ਫਸਲ ਕਣਕ ਦੀ ਬਿਜਾਈ ਹੇਠਲਾ ਰਕਬਾ ਪਿਛਲੇ ਸਾਲ ਮੁਕਾਬਲੇ 3.59 ਫੀਸਦ ਵੱਧ ਕੇ 325.10 ਲੱਖ ਹੈਕਟੇਅਰ ਹੋ ਗਿਆ ਹੈ। ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਸਾਲ 2022-23 ਦੇ ਫਸਲੀ ਸੀਜ਼ਨ ਦੌਰਾਨ 30 ਦਸੰਬਰ ਤੱਕ 325.10 ਹੈਕਟੇਅਰ ਰਕਬੇ ‘ਚ ਕਣਕ ਦੀ ਬਿਜਾਈ ਹੋ ਚੁੱਕੀ ਹੈ ਜਦਕਿ ਪਿਛਲੇ ਸਾਲ ਇਹ ਰਕਬਾ 313.81 ਲੱਖ ਹੈਕਟੇਅਰ ਸੀ। ਮੰਤਰਾਲੇ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ (3.59 ਲੱਖ ਹੈਕਟੇਅਰ) ਰਕਬੇ ‘ਚ ਕਣਕ ਦੀ ਬਿਜਾਂਦ ਹੋਈ ਹੈ ਜਦਕਿ ਰਾਸਥਾਨ ‘ਚ 2.52 ਲੱਖ ਹੈਕਟੇਅਰ, ਮਹਾਰਾਸ਼ਟਰ ‘ਚ 1.89 ਲੱਖ, ਗੁਜਰਾਤ ‘ਚ 1.10 ਲੱਖ, ਬਿਹਾਰ ‘ਚ 0.87 ਲੱਖ, ਅਸਾਮ ‘ਚ 0.02 ਲੱਖ ਅਤੇ ਝਾਰਖੰਡ ‘ਚ 0.03 ਲੱਖ ਹੈਕਟੇਅਰ ਰਕਬੇ ‘ਚ ਕਣਕ ਦੀ ਬਿਜਾਂਦ ਹੋਈ ਹੈ। ਮੰਤਰਾਲੇ ਨੇ ਕਿਹਾ ਕਿ ਇਸ ਸਮੇਂ ਕਣਕ ਦੀ ਫਸਲ ਚੰਗੀ ਰਹਿਣ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ ਅਤੇ ਜੇਕਰ ਮੌਸਮ ਠੀਕ ਰਿਹਾ ਤਾਂ ਇਸ ਸਾਲ ਕਣਕ ਦੀ ਰਿਕਾਰਡ ਪੈਦਾਵਾਰ ਹੋਵੇਗੀ। -ਪੀਟੀਆਈ