ਨਵੀਂ ਦਿੱਲੀ, 19 ਜੁਲਾਈ
ਸੁਪਰੀਮ ਕੋਰਟ ਨੇ ਅੱਜ ਪਟੀਸ਼ਨਰ ਦੀ ਅਰਜ਼ੀ ਇਹ ਕਹਿੰਦਿਆਂ ਰੱਦ ਕਰ ਦਿੱਤੀ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕਰਨ ਦੇ ਮਾਮਲੇ ’ਚ ਦਰਜ ਕੇਸਾਂ ਅਤੇ ਗ੍ਰਿਫ਼ਤਾਰ ਕੀਤੇ ਲੋਕਾਂ ਬਾਰੇ ਵੇਰਵੇ ਲੈ ਕੇ ਆਵੇ। ਐਡਵੋਕੇਟ ਪ੍ਰਦੀਪ ਕੁਮਾਰ ਯਾਦਵ ਨੇ ਕੋਵਿਡ-19 ਖ਼ਿਲਾਫ਼ ਟੀਕਾਕਰਨ ਮੁਹਿੰਮ ਸਬੰਧੀ ਕੇਂਦਰ ਸਰਕਾਰ ਦੀ ਆਲੋਚਨਾ ਕਰਦੇ ਪੋਸਟਰ ਲਾਉਣ ਦੇ ਮਾਮਲੇ ਵਿੱਚ ਦਿੱਲੀ ਪੁਲੀਸ ਵੱਲੋਂ ਕਥਿਤ ਦਰਜ ਕੇਸਾਂ ਨੂੰ ਰੱਦ ਦੀ ਮੰਗ ਕੀਤੀ ਸੀ। ਯਾਦਵ ਨੇ ਕਿਹਾ ਕਿ ਦਿੱਲੀ, ਉਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਲਕਸ਼ਦੀਪ ਵਿੱਚ ਇਸ ਸਬੰਧੀ ਕੇਸ ਦਰਜ ਕੀਤੇ ਗਏ ਹਨ ਅਤੇ ਪੁਲੀਸ ਨੂੰ ਇਨ੍ਹਾਂ ਐਫਆਈਆਰ ਦੀ ਕਾਪੀ ਦੇਣ ਲਈ ਨਿਰਦੇਸ਼ ਦਿੱਤੇ ਜਾਣ। ਜਸਟਿਸ ਡੀਵਾਈ ਚੰਦਰਚੂੜ ਅਤੇ ਐੱਮਆਰ ਸ਼ਾਹ ਦੇ ਬੈਂਚ ਨੇ ਪਟੀਸ਼ਨਰ ਨੂੰ ਲੋਕਾਂ ਖ਼ਿਲਾਫ਼ ਨਿੱਜੀ ਤੌਰ ’ਤੇ ਦਰਜ ਕੀਤੇ ਗਏ ਕੇਸਾਂ ਦੇ ਵੇਰਵੇ ਇੱਕ ਹਫ਼ਤੇ ਵਿੱਚ ਲੈ ਕੇ ਆਉਣ ਲਈ ਕਿਹਾ। ਬੈਂਚ ਨੇ ਨਾਲ ਹੀ ਕਿਹਾ ਕਿ ਉਹ ਸਿਰਫ਼ ਅਖ਼ਬਾਰਾਂ ਦੀਆਂ ਰਿਪੋਰਟਾਂ ’ਤੇ ਭਰੋਸਾ ਕਰਨ ਦੀ ਥਾਂ ਖ਼ੁਦ ਵੀ ਸਖਤ ਮਿਹਨਤ ਕਰੇ। ਸਿਖਰਲੀ ਅਦਾਲਤ ਨੇ ਕਿਹਾ ਕਿ ਪੁਲੀਸ ਨੂੰ ਇਸ ਮਾਮਲੇ ਵਿੱਚ ਕੇਸ ਦਰਜ ਨਾ ਕਰਨ ਸਬੰਧੀ ਖਾਲੀ ਆਦੇਸ਼ ਨਹੀਂ ਦਿੱਤੇ ਜਾ ਸਕਦੇ। -ਪੀਟੀਆਈ