ਜੰਮੂ, 22 ਜੁਲਾਈ
ਖ਼ਰਾਬ ਮੌਸਮ ਅਤੇ ਜੰਮੂ ਕਸ਼ਮੀਰ ਸ਼ਾਹਰਾਹ ਦੀ ਮਾੜੀ ਹਾਲਤ ਕਾਰਨ ਅੱਜ ਜੰਮੂ ਤੋਂ ਅਮਰਨਾਥ ਯਾਤਰਾ ਰੋਕ ਦਿੱਤੀ ਗਈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਜੰਮੂ ਤੋਂ ਕਿਸੇ ਵੀ ਨਵੇਂ ਜਥੇ ਨੂੰ 3800 ਮੀਟਰ ਉੱਚੀ ਅਮਰਨਾਥ ਗੁਫਾ ਦੇ ਬੇਸ ਕੈਂਪ ਵੱਲ ਨਹੀਂ ਜਾਣ ਦਿੱਤਾ ਜਾ ਰਿਹਾ ਹੈ।
ਅਧਿਕਾਰੀਆਂ ਮੁਤਾਬਕ, ਰਾਮਬਨ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ’ਤੇ ਮੀਂਹ ਪੈਣ ਤੋਂ ਬਾਅਦ ਢਿੱਗਾਂ ਅਤੇ ਪੱਥਰ ਡਿੱਗਣ ਕਾਰਨ ਬੰਦ ਹੋਏ ਕੌਮੀ ਮਾਰਗ ਨੂੰ ਵੀਰਵਾਰ ਰਾਤ ਨੂੰ ਇਕ ਪਾਸੇ ਤੋਂ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਸੀ। ਯਾਤਰਾ ਪ੍ਰਬੰਧਨ ਨਾਲ ਸਬੰਧਤ ਇਕ ਅਧਿਕਾਰੀ ਨੇ ਇੱਥੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ‘‘ਖ਼ਰਾਬ ਮੌਸਮ ਤੇ ਸ਼ਾਹਰਾਹ ਦੀ ਮਾੜੀ ਹਾਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਜੰਮੂ ਤੋਂ ਅਮਰਨਾਥ ਯਾਤਰਾ ਰੋਕ ਦਿੱਤੀ ਗਈ ਹੈ।’’ ਇਸ ਤੋਂ ਪਹਿਲਾਂ 10 ਤੇ 11 ਜੁਲਾਈ ਨੂੰ ਵੀ ਖ਼ਰਾਬ ਮੌਸਮ ਕਰ ਕੇ ਜੰਮੂ ਤੋਂ ਅਮਰਨਾਥ ਯਾਤਰਾ ਰੋਕ ਦਿੱਤੀ ਗਈ ਸੀ। ਅਧਿਕਾਰੀਆਂ ਅਨੁਸਾਰ, ਸ਼ਾਹਰਾਹ ’ਤੇ ਆਵਾਜਾਈ ਪੂਰੀ ਤਰ੍ਹਾਂ ਸ਼ੁਰੂ ਹੋਣ ਦੀ ਸਥਿਤੀ ਵਿੱਚ ਸ਼ਾਮ ਨੂੰ ਜੰਮੂ ਤੋਂ ਇਕ ਵਾਰ ਫਿਰ ਯਾਤਰਾ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਜੰਮੂ-ਸ੍ਰੀਨਗਰ ਸ਼ਾਹਰਾਹ ਜੋ ਕਿ ਵਾਹਨਾਂ ਦੀ ਆਵਾਜਾਈ ਲਈ ਮੁੜ ਖੋਲ੍ਹਿਆ ਗਿਆ ਸੀ, ਕੈਫੇਟੇਰੀਆ ਮੋੜ ਤੇ ਰਾਮਬਨ ਵਿੱਚ ਪੈਂਦੇ ਮੇਹਰ ਵਿੱਚ ਡਿੱਗ ਰਹੇ ਪੱਥਰਾਂ ਕਰ ਕੇ ਬੰਦ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ 43 ਰੋਜ਼ਾ ਯਾਤਰਾ 30 ਜੂਨ ਨੂੰ ਸ਼ੁਰੂ ਹੋਈ ਸੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਖਰਾਬ ਮੌਸਮ ਕਾਰਨ ਅਮਰਨਾਥ ਯਾਤਰਾ ਨੂੰ ਰੋਕਣਾ ਪਿਆ ਸੀ। -ਪੀਟੀਆਈ