ਜੰਮੂ, 21 ਅਕਤੂਬਰ
ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸਤਪਾਲ ਮਲਿਕ ਵੱਲੋਂ ਰੌਸ਼ਨੀ ਸਕੀਮ ਦਾ ਲਾਭ ਲੈਣ ਦੇ ਲਾਏ ਗਏ ਦੋਸ਼ਾਂ ਨੂੰ ਝੂਠ ਕਰਾਰ ਦਿੰਦਿਆਂ ਸਿਰੇ ਤੋਂ ਨਕਾਰ ਦਿੱਤਾ ਹੈ। ਵਾਇਰਲ ਹੋਈ ਵੀਡੀਓ ਕਲਿੱਪ ’ਚ ਮਲਿਕ ਦਾਅਵਾ ਕਰ ਰਹੇ ਹਨ ਕਿ ਫਾਰੂਕ, ਉਨ੍ਹਾਂ ਦੇ ਪੁੱਤਰ ਉਮਰ ਅਬਦੁੱਲਾ ਅਤੇ ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਮੁਖੀ ਮਹਬਿੂਬਾ ਮੁਫ਼ਤੀ ਨੂੰ ਰੌਸ਼ਨੀ ਸਕੀਮ ਤਹਿਤ ਪਲਾਟ ਮਿਲੇ ਸਨ। ਜੰਮੂ ਕਸ਼ਮੀਰ ’ਚ ਜਦੋਂ ਧਾਰਾ 370 ਹਟਾਈ ਗਈ ਸੀ ਤਾਂ ਸ੍ਰੀ ਮਲਿਕ ਉਥੋਂ ਦੇ ਰਾਜਪਾਲ ਸਨ ਅਤੇ ਹੁਣ ਉਹ ਮੇਘਾਲਿਆ ਦੇ ਰਾਜਪਾਲ ਅਹੁਦੇ ’ਤੇ ਤਾਇਨਾਤ ਹਨ। ਇਥੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਫਾਰੂਕ ਅਬਦੁੱਲਾ ਨੇ ਕਿਹਾ,‘‘ਪਹਿਲਾਂ ਮਲਿਕ ਨੇ ਸਾਡੇ ਨਾਲ ਝੂਠ ਬੋਲਿਆ ਕਿ ਧਾਰਾ 370 ਨਹੀਂ ਹਟਾਈ ਜਾਵੇਗੀ। ਬਾਅਦ ’ਚ ਉਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਖਿਆ ਹੈ ਕਿ ਸਿਰਫ਼ ਧਾਰਾ 35-ਏ ਖ਼ਤਮ ਕੀਤੀ ਜਾਵੇਗੀ ਪਰ ਦੋਹਾਂ ਨੂੰ ਖ਼ਤਮ ਕਰ ਦਿੱਤਾ ਗਿਆ। -ਪੀਟੀਆਈ
ਅੰਬਾਨੀ ਤੇ ਆਰਐਸਐਸ ਦੇ ਸਮਰਥਕ ਦੀਆਂ ਫਾਈਲਾਂ ’ਤੇ ਸਹੀ ਪਾਉਣ ਲਈ 300 ਕਰੋੜ ਰੁਪਏ ਰਿਸ਼ਵਤ ਦੀ ਪੇਸ਼ਕਸ਼ ਹੋਈ: ਰਾਜਪਾਲ
ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆ ਪਾਲ ਮਲਿਕ ਨੇ ਦਾਅਵਾ ਕੀਤਾ ਕਿ ਉਸ ਦੇ ਕਾਰਜਕਾਲ ਦੌਰਾਨ ਅੰਬਾਨੀ ਤੇ ਆਰਐਸਐਸ ਦੇ ਸਮਰਥਕ ਦੀਆਂ ਫਾਈਲਾਂ ’ਤੇ ਸਹੀ ਪਾਉਣ ਲਈ ਉਸ ਨੂੰ 300 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਹੋਈ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਦੇ ਫੈਸਲੇ ਦੀ ਹਮਾਇਤ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਭ੍ਰਿਸ਼ਟਾਚਾਰ ਨਾਲ ਸਮਝੌਤਾ ਕਰਨ ਦੀ ਲੋੜ ਨਹੀਂ ਹੈ। -ਏਜੰਸੀ
ਭਾਜਪਾ ਦੀਆਂ ਨੀਤੀਆਂ ਨੇ ਜੰਮੂ-ਕਸ਼ਮੀਰ ਨੂੰ ਸਦੀਆਂ ਪਿੱਛੇ ਧੱਕਿਆ: ਮਹਬਿੂਬਾ
ਸ੍ਰੀਨਗਰ: ਪੀਡੀਪੀ ਦੀ ਪ੍ਰਧਾਨ ਮਹਬਿੂਬਾ ਮੁਫ਼ਤੀ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਭਾਜਪਾ ਸਰਕਾਰ ਦੀਆਂ ਨੀਤੀਆਂ ਨੇ ਜੰਮੂ-ਕਸ਼ਮੀਰ ਨੂੰ ਸਦੀਆਂ ਪਿੱਛੇ ਲੈ ਆਂਦਾ ਹੈ। ਸ਼ਹਿਰ ਦੇ ਲਾਲ ਚੌਕ ਵਿੱਚ ਸੁਰੱਖਿਆ ਬਲਾਂ ਵੱਲੋਂ ਚੈਕਿੰਗ ਦੌਰਾਨ ਔਰਤਾਂ ਤੇ ਨਾਬਾਲਗਾਂ ਨੂੰ ਤੰਗ ਕਰਨ ਦੀਆਂ ਸੋਸ਼ਲ ਮੀਡੀਆ ’ਤੇ ਵਾਇਰਲ ਫੋਟੋਆਂ ਤੇ ਵੀਡੀਓਜ਼ ਸਬੰਧੀ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਇਹ ਪ੍ਰਤੀਕਿਰਿਆ ਦਿੱਤੀ ਹੈ। -ਪੀਟੀਆਈ