ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਸਰਕਾਰ ਨੂੰ ਜਾਪਦਾ ਹੈ ਕਿ ਵਾਢੀਆਂ ਦੇ ਸੀਜ਼ਨ ’ਚ ਕਿਸਾਨ ਅੰਦੋਲਨ ਖ਼ਤਮ ਹੋ ਜਾਵੇਗਾ ਪਰ ਉਹ ਨਹੀਂ ਜਾਣਦੀ ਕਿ ਕਿਸਾਨ ਇੱਥੋਂ ਕੇਂਦਰ ਸਰਕਾਰ ਨੂੰ ਸਬਕ ਸਿਖਾ ਕੇ ਹੀ ਜਾਣਗੇ। ਉਨ੍ਹਾਂ ਕਿਹਾ ਕਿ ਕਿਸਾਨ ਤਾਂ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ। ਗਾਜ਼ੀਪੁਰ ਦੇ ਸੰਯੁਕਤ ਕਿਸਾਨ ਮੋਰਚੇ ਦੇ ਮੰਚ ਤੋਂ ਬੋਲਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਅੰਦੋਲਨ ਲੰਬਾ ਹੋਣ ਦੀ ਸੂਰਤ ਵਿੱਚ 60 ਦਿਨ ਪਹਿਲਾਂ ਅਗਾਊਂ ਪ੍ਰਬੰਧ ਕਰਕੇ ਚੱਲਣਾ ਪਵੇਗਾ। ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੀਆਂ ਖਾਮੀਆਂ ਸੌਖੇ ਤਰੀਕੇ ਨਾਲ ਸਮਝਾਉਂਦਿਆਂ ਉਨ੍ਹਾਂ ਕਿਹਾ ਕਿ ਬਾਜਰਾ 11 ਰੁਪਏ ਕਿਲੋ ਕਿਸਾਨਾਂ ਤੋਂ ਖ਼ਰੀਦਿਆ ਜਾਂਦਾ ਹੈ ਅਤੇ ਜਦੋਂ ਉਹੀ ਬਾਜ਼ਰਾ ਕਿਸਾਨ ਖ਼ਰੀਦਣ ਜਾਵੇ ਤਾਂ ਉਹ 65 ਰੁਪਏ ਕਿਲੋ ਮਿਲਦਾ ਹੈ ਅਤੇ ਮਾਲਾਂ ਅੰਦਰ ਇਹੋ ਬਾਜਰਾ 120 ਰੁਪਏ ਦਾ ਮਿਲਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਰਪੋਰੇਟ ਤਾਂ ਬਹੁਤ ਵੱਡੇ ਲੁਟੇਰੇ ਹਨ।