ਨਵੀਂ ਦਿੱਲੀ, 6 ਜੁਲਾਈ
ਨਵੇਂ ਆਮਦਨ ਕਰ ਪੋਰਟਲ ਵਿਚ ਤਕਨੀਕੀ ਮੁਸ਼ਕਲਾਂ ਬਾਰੇ ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਅੱਜ ਕੇਂਦਰ ਸਰਕਾਰ ’ਤੇ ਵਰ੍ਹੇ। ਉਨ੍ਹਾਂ ਦੋਸ਼ ਲਾਇਆ ਕਿ 4200 ਕਰੋੜ ਰੁਪਏ ਖ਼ਰਚ ਕਰਨ ਦੇ ਬਾਵਜੂਦ ਸਰਕਾਰ ਇਸ ਪੋਰਟਲ ਨੂੰ ਵਰਤਣ ਵਾਲਿਆਂ ਲਈ ਵਧੇਰੇ ਸਾਜ਼ਗਾਰ, ਆਧੁਨਿਕ ਤੇ ਸਹਿਜ ਨਹੀਂ ਬਣਾ ਸਕੀ ਤੇ ‘ਖਿਲਾਰਾ’ ਜਿਹਾ ਪਾ ਦਿੱਤਾ। ਲੋਕ ਸਭਾ ਮੈਂਬਰ ਥਰੂਰ ਨੇ ਇਹ ਸਵਾਲ ਵੀ ਕੀਤਾ ਕਿ ਜਦ ਪਿਛਲਾ ਪੋਰਟਲ ਚੰਗੀ ਤਰ੍ਹਾਂ ਚੱਲ ਰਿਹਾ ਸੀ ਤਾਂ ਫਿਰ ਇਸ ਨਵੇਂ ਪੋਰਟਲ ਦੀ ਕੀ ਜ਼ਰੂਰਤ ਸੀ? ਥਰੂਰ ਮੁਤਾਬਕ ਉਨ੍ਹਾਂ ਦੀ ਅਗਵਾਈ ਵਾਲੀ ਕਾਂਗਰਸ ਦੀ ਇਕਾਈ ‘ਸਰਬ ਭਾਰਤੀ ਪ੍ਰੋਫੈਸ਼ਨਲ ਕਾਂਗਰਸ’ ਨਾਲ ਜੁੜੇ ਕੁਝ ਚਾਰਟਰਡ ਅਕਾਊਂਟੈਂਟਾਂ ਨੇ ਉਨ੍ਹਾਂ ਨੂੰ ਜਾਣੂ ਕਰਵਾਇਆ ਹੈ ਕਿ ਆਮਦਨ ਕਰ ਪੋਰਟਲ ਵਿਚ ਕੀਤੇ ਬਦਲਾਅ ਕਾਰਨ ਕਈ ਖਾਮੀਆਂ ਪੈਦਾ ਹੋ ਗਈਆਂ ਹਨ। ਲਾਗ-ਇਨ ਕਰਨ ਲਈ ਵੀ ਆਮ ਨਾਲੋਂ ਵੱਧ ਸਮਾਂ ਲੱਗਦਾ ਹੈ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਨਵੇਂ ਪੋਰਟਲ ਦੇ ਲਗਭਗ ਸਾਰੇ ਫੀਚਰਜ਼ ਕਿਤੇ-ਨਾ-ਕਿਤੇ ਅਟਕਦੇ ਹਨ ਜਿਸ ਨਾਲ ਆਈਟੀਆਰ ਦਾਖਲ ਕਰਨ ਵਿਚ, ਵਿਦੇਸ਼ੀ ਪ੍ਰਾਪਤੀਆਂ ਵਾਲੇ 15 ਸੀਏ ਤੇ 15 ਸੀਬੀ ਫਾਰਮ ਭਰਨ ਵਿਚ, ਅਪੀਲਾਂ ਲਈ ਅੰਕੜੇ ਤਿਆਰ ਕਰਨ ਵਿਚ ਅੜਿੱਕਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਨਹੀਂ ਹੈ ਕਿ ਸਰਕਾਰ ਨੇ ਜੂਨ ਮਹੀਨੇ ਵਿਚ ਪੋਰਟਲ ਵਿਚ ਬਦਲਾਅ ਕਿਉਂ ਕੀਤਾ। ਬਿਹਤਰ ਇਹ ਹੁੰਦਾ ਕਿ ਪਿਛਲੇ ਵਿੱਤੀ ਵਰ੍ਹੇ ਦੇ ਅਖੀਰ ਵਿਚ ਜਾਂ ਨਵੇਂ ਵਿੱਤੀ ਵਰ੍ਹੇ ਦੀ ਸ਼ੁਰੂਆਤ ਵਿਚ ਇਸ ’ਚ ਬਦਲਾਅ ਕੀਤਾ ਜਾਂਦਾ ਤਾਂ ਕਿ ਆਮਦਨ ਕਰ ਰਿਫੰਡ ਦੇ ਹੱਕਦਾਰ ਕਰਦਾਤਾਵਾਂ ਨੂੰ ਇਸ ਮੁਸ਼ਕਲ ਸਮੇਂ ਵਿਚ ਮਦਦ ਮਿਲ ਜਾਂਦੀ। -ਪੀਟੀਆਈ