ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਚੁਟਕੀ ਲੈਂਦਿਆਂ ਅੱਜ ਕਿਹਾ ਕਿ ਵਧਦੀ ਮਹਿੰਗਾਈ ਕਰਕੇ ‘ਤਿਉਹਾਰਾਂ ਦੇ ਜਸ਼ਨ ਫਿੱਕੇ ਪੈ ਗਏ ਹਨ’ ਤੇ ਇਸ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨਾ ਬਣਦਾ ਹੈ। ਸ੍ਰੀ ਗਾਂਧੀ ਨੇ ਟਵੀਟ ਵਿੱਚ ਇਕ ਖ਼ਬਰ ਦੇ ਹਵਾਲੇ ਨਾਲ ਕਿਹਾ ਕਿ ਅਸਮਾਨੀ ਪੁੱਜੀਆਂ ਕੀਮਤਾਂ ਨੇ ਆਮ ਆਮਦੀ ਨੂੰ ਵੱਡੀ ਸੱਟ ਮਾਰੀ ਹੈ। ਪਿਛਲੇ 11 ਦਿਨਾਂ ਵਿੱਚ ਪੈਟਰੋਲ 2.35 ਰੁਪਏ ਤੇ ਡੀਜ਼ਲ 3 ਰੁਪਏ ਤੱਕ ਵੱਧ ਗਿਆ ਹੈ। ਕਾਂਗਰਸ ਆਗੂ ਨੇ ਹਿੰਦੀ ਵਿੱਚ ਕੀਤੇ ਟਵੀਟ ’ਚ ਕਿਹਾ, ‘‘ਪੈਟਰੋਲ, ਡੀਜ਼ਲ ਤੇ ਖੁਰਾਕੀ ਵਸਤਾਂ ਤੇ ਰਸੋਈ ਗੈਸ ਕੀਮਤਾਂ ਦਾ ਵਧਣਾ ਲਗਾਤਾਰ ਜਾਰੀ ਹੈ। ਤਿਉਹਾਰਾਂ ਦੇ ਜਸ਼ਨ ਫਿੱਕੇ ਪੈਣ ਲਈ ਮੋਦੀ ਜੀ ਦਾ ਧੰਨਵਾਦ।’ -ਪੀਟੀਆਈ